ਕੋਚੀ, 14 ਜਨਵਰੀ

ਕੇਰਲ ਦੀ ਅਦਾਲਤ ਨੇ ਨਨ ਬਲਾਤਕਾਰ ਮਾਮਲੇ ਵਿੱਚ ਕੈਥੋਲਿਕ ਬਿਸ਼ਪ ਫਰੈਂਕੋ ਮੁਲੱਕਲ ਨੂੰ ਬਰੀ ਕਰ ਦਿੱਤਾ ਹੈ, ਕਿਉਂਕਿ ਇਸਤਗਾਸਾ ਮੁਲਜ਼ਮ ਵਿਰੁੱਧ ਸਬੂਤ ਪੇਸ਼ ਕਰਨ ਵਿੱਚ ਅਸਫਲ ਰਹੀ। ਵਧੀਕ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਨੇ 57 ਸਾਲ ਦੇ ਬਿਸ਼ਪ ਨੂੰ ਬਰੀ ਕਰ ਦਿੱਤਾ। ਮੁਲੱਕਲ ’ਤੇ ਕੋਟਯਮ ਜ਼ਿਲ੍ਹੇ ਦੇ ਕਾਨਵੈਂਟ ਦੌਰੇ ਦੌਰਾਨ ਨਨ ਨਾਲ ਕਈ ਵਾਰ ਬਲਾਤਕਾਰ ਕਰਨ ਦਾ ਦੋਸ਼ ਸੀ। ਉਹ ਉਸ ਵੇਲੇ ਰੋਮਨ ਕੈਥੋਲਿਕ ਚਰਚ ਦੇ ਜਲੰਧਰ ਡਾਇਓਸਿਸ ਦਾ ਬਿਸ਼ਪ ਸੀ। ਬਿਸ਼ਪ ਵਿਰੁੱਧ ਬਲਾਤਕਾਰ ਦਾ ਮਾਮਲਾ ਕੋਟਯਮ ਜ਼ਿਲ੍ਹੇ ਦੀ ਪੁਲੀਸ ਨੇ ਜੂਨ 2018 ‘ਚ ਦਰਜ ਕੀਤਾ ਸੀ। ਜੂਨ 2018 ’ਚ ਪੁਲੀਸ ਨੂੰ ਦਿੱਤੀ ਆਪਣੀ ਸ਼ਿਕਾਇਤ ‘ਚ ਨਨ ਨੇ ਦੋਸ਼ ਲਾਇਆ ਸੀ ਕਿ 2014 ਤੋਂ 2016 ਦਰਮਿਆਨ ਫਰੈਂਕੋ ਨੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਸੀ। ਇਸ ਦੌਰਾਨ ਇਸ ਮਾਮਲੇ ਵਿੱਚ ਨਨ ਦੇ ਸਮਰਥਕਾਂ ਨੇ ਕਿਹਾ ਹੈ ਕਿ ਉਹ ਫ਼ੈਸਲੇ ਤੋਂ ਨਿਰਾਸ਼ ਹਨ ਪਰ  ਉਨ੍ਹਾਂ ਨੇ ਦਿਲ ਨਹੀਂ ਛੱਡਿਆ। ਉਨ੍ਹਾਂ ਕਿਹਾ ਕਿ ਉਹ ਨਨ ਦੇ ਨਾਲ ਹਨ ਤੇ ਇਨਸਾਫ਼ ਮਿਲਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਦੂਜੇ ਪਾਸੇ ਬਿਸ਼ਪ ਸਮਰਥਕਾਂ ਨੇ ਇਸ ਫ਼ੈਸਲੇ ’ਤੇ ਖੁ਼ਸ਼ੀ ਜ਼ਾਹਿਰ ਕੀਤੀ ਹੈ। ਉਧਰ ਕੌਮੀ ਮਹਿਲਾ ਕਮਿਸ਼ਨ ਦੀ ਮੁਖੀ ਰੇਖਾ ਸ਼ਰਮਾ ਨੇ ਕੇਰਲ ਦੀ ਅਦਾਲਤ ਦੇ ਬਿਸ਼ਪ ਫ੍ਰੈਂਕੋ ਮੁਲੱਕਲ ਨੂੰ ਨਨ ਬਲਾਤਕਾਰ ਦੋਸ਼ਾਂ ਤੋਂ ਬਰੀ ਕਰਨ ’ਤੇ ਕਿਹਾ ਹੈ ਕਿ ਪੀੜਤ ਔਰਤ ਨੂੰ ਫੈਸਲੇ ਖ਼ਿਲਾਫ਼ ਹਾਈ ਕੋਰਟ ਜਾਣਾ ਚਾਹੀਦਾ ਹੈ।