ਮੁੰਬਈ:ਕਾਰੋਬਾਰੀ ਨਿਤਿਨ ਬਰਾਇ ਨੇ ਬੌਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ, ਉਸ ਦੇ ਪਤੀ ਰਾਜ ਕੁੰਦਰਾ ਅਤੇ ਕੁਝ ਹੋਰ ਵਿਅਕਤੀਆਂ ਖ਼ਿਲਾਫ਼ 1.51 ਕਰੋੜ ਰੁਪਏ ਠੱਗਣ ਦੇ ਦੋਸ਼ ਹੇਠ ਪੁਲੀਸ ਕੋਲ ਧੋਖਾਧੜੀ ਦੀ ਸ਼ਿਕਾਇਤ ਦਰਜ ਕਰਵਾਈ ਹੈ। ਇਹ ਐੱਫਆਈਆਰ ਸ਼ਨਿਚਰਵਾਰ ਨੂੰ ਬਾਂਦਰਾ ਪੁਲੀਸ ਸਟੇਸ਼ਨ ’ਚ ਦਰਜ ਕਰਵਾਈ ਗਈ ਹੈ। ਕਾਰੋਬਾਰੀ ਨੇ ਆਪਣੀ ਸ਼ਿਕਾਇਤ ’ਚ ਕਿਹਾ ਹੈ ਕਿ ਜੁਲਾਈ 2014 ’ਚ ਐੱਸਐੱਫਐੱਲ ਫਿਟਨੈਸ ਕੰਪਨੀ ਦੇ ਡਾਇਰੈਕਟਰ ਕਾਸ਼ਿਫ਼ ਖ਼ਾਨ, ਸ਼ਿਲਪਾ ਸ਼ੈੱਟੀ, ਕੁੰਦਰਾ ਅਤੇ ਹੋਰਾਂ ਨੇ ਉਸ ਨੂੰ ਮੁਨਾਫ਼ਾ ਕਮਾਉਣ ਲਈ ਕੰਪਨੀ ’ਚ 1.51 ਕਰੋੜ ਰੁਪਏ ਨਿਵੇਸ਼ ਕਰਨ ਲਈ ਕਿਹਾ ਸੀ। ਐੱਫਆਈਆਰ ਮੁਤਾਬਕ ਕਾਰੋਬਾਰੀ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਕੰਪਨੀ ਹਾੜਪਸਾਰ ਅਤੇ ਕੋਰੇਗਾਉਂ ’ਚ ਜਿਮ ਅਤੇ ਸਪਾ ਖੋਲ੍ਹੇਗੀ ਅਤੇ ਉਸ ਨੂੰ ਫਰੈਂਚਾਇਜ਼ੀ ਦਿੱਤੀ ਜਾਵੇਗੀ ਪਰ ਇੰਜ ਨਹੀਂ ਹੋਇਆ। ਬਾਅਦ ’ਚ ਜਦੋਂ ਕਾਰੋਬਾਰੀ ਨੇ ਆਪਣਾ ਪੈਸਾ ਵਾਪਸ ਮੰਗਿਆ ਤਾਂ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ।