ਮੁੰਬਈ:ਸਿਨੇਮਾਘਰਾਂ ਵਿੱਚ ਹਾਲ ਹੀ ’ਚ ਰਿਲੀਜ਼ ਹੋਈ ਪੰਜਾਬੀ ਫ਼ਿਲਮ ‘ਮਾਂ’ ਵਿੱਚ ਪ੍ਰਸ਼ੰਸਕਾਂ ਨੇ ਅਦਾਕਾਰਾ ਦਿੱਵਿਆ ਦੱਤਾ ਨੂੰ ਮਾਂ ਦੇ ਰੂਪ ਵਿੱਚ ਵੇਖਿਆ ਹੈ। ਹੁਣ ਦਿੱਵਿਆ ਦੱਤਾ ਆਪਣੀ ਨਵੀਂ ਫਿਲਮ ‘ਧਾਕੜ’ ਵਿੱਚ ਮਾਫੀਆ ਡੌਨ ਦੀ ਭੂਮਿਕਾ ਵਿਚ ਨਜ਼ਰ ਆਏਗੀ। ਅਦਾਕਾਰਾ ਨੇ ਆਪਣੇ ਕੰਮ ਨੂੰ ਪਿਆਰ ਕਰਨ ਦੇ ਤਜਰਬੇ ਸਾਂਝੇ ਕੀਤੇ ਅਤੇ ਆਖਿਆ ਕਿ ਇਹੀ ਕਾਰਨ ਹੈ, ਜਿਹੜਾ ਉਸ ਨੂੰ ਮਾਂ ਤੋਂ ਮਾਫੀਆ ਡੌਨ ਦੇ ਕਿਰਦਾਰ ਤੱਕ ਲੈ ਜਾਂਦਾ ਹੈ। ‘ਧਾਕੜ’ ਵਿਚਲੇ ਆਪਣੇ ਕਿਰਦਾਰ ਬਾਰੇ ਗੱਲ ਕਰਦਿਆਂ ਦਿਵਿਆ ਨੇ ਆਖਿਆ, ‘ਮੈਂ ਰੋਹਿਨੀ ਦੇ ਕਿਰਦਾਰ ਤੋਂ ਪਹਿਲਾਂ ਕਦੇ ਵੀ ਅਜਿਹੀ ਭੂਮਿਕਾ ਨਹੀਂ ਨਿਭਾਈ। ਇਹ ਨਹੀਂ ਪਤਾ ਕਿਉਂ ਪਰ ਹਰ ਵਾਰ ਐਕਸ਼ਨ ਤੇ ਕੱਟ ਦਰਮਿਆਨ ਕੁਝ ਵੱਖਰਾ ਅਤੇ ਖਾਸ ਹੁੰਦਾ ਹੈ। ਸਾਡੇ ਨਿਰਦੇਸ਼ਕ ਨੇ ਵੀ ਮੈਨੂੰ ਪੁੱਛਿਆ ਕਿ ਦਿੱਵਿਆ ’ਚੋਂ ਇਹ ‘ਕਮੀਨਾਪਣ’ ਕਿੱਥੋਂ ਆ ਗਿਆ? ਮੈਂ ਹੱਸੀ ਅਤੇ ਆਖਿਆ ਕਿ ਮੈਨੂੰ ਇਸ ਕੰਮ ਲਈ ਕਸੂਰਵਾਰ ਨਾ ਠਹਿਰਾਓ। ਜੇਕਰ ਮੈਂ ਇਮਾਨਦਾਰੀ ਨਾਲ ਕਹਾਂ ਤਾਂ ਮੈਨੂੰ ਇੰਜ ਜਾਪਦਾ ਹੈ ਕਿ ਜਿੰਨਾ ਅਸੀਂ ਕਿਸੇ ਕਿਰਦਾਰ ਦੀ ਡੂੰਘਾਈ ਤੱਕ ਜਾਂਦੇ ਹਾਂ ਤਾਂ ਸਾਨੂੰ ਮਨੁੱਖੀ ਦਿਮਾਗ ਦੀ ਸੋਝੀ ਆਉਂਦੀ ਹੈ ਅਤੇ ਅਦਾਕਾਰ ਹੋਣ ਦੇ ਨਾਤੇ ਇਹ ਮੇਰੇ ਲਈ ਖੁਦ ਨੂੰ ਤਰਾਸ਼ਣ ਵਾਂਗ ਹੈ। ਜ਼ਿਕਰਯੋਗ ਹੈ ਕਿ ਰਜ਼ਨੀਸ਼ ਘਈ ਦੀ ਨਿਰਦੇਸ਼ਿਤ ਇਹ ਫਿਲਮ 20 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।