ਓਟਵਾ, 17 ਜਨਵਰੀ : ਵੱਡੀ ਧਮਾਕੇ ਵਾਲੀ ਥਾਂ ਤੋਂ ਚਾਰ ਲੋਕਾਂ ਦੇ ਪਿੰਜਰ ਮਿਲੇ ਹਨ। ਜਿ਼ਕਰਯੋਗ ਹੈ ਕਿ ਓਟਵਾ ਵਿੱਚ ਟੈਂਕਰ ਟਰੱਕ ਦਾ ਨਿਰਮਾਣ ਕਰਨ ਵਾਲੀ ਫੈਸਿਲਿਟੀ ਵਿੱਚ ਹੋਏ ਧਮਾਕੇ ਤੋਂ ਬਾਅਦ ਅੱਗ ਲੱਗ ਗਈ ਸੀ। ਅਧਿਕਾਰੀਆਂ ਨੇ ਆਖਿਆ ਕਿ ਉਹ ਇਸ ਥਾਂ ਤੋਂ ਪਿੰਜਰ ਹਾਸਲ ਨਹੀਂ ਕਰ ਸਕਦੇ ਕਿਉਂਕਿ ਇਹ ਥਾਂ ਕਾਫੀ ਖਤਰਨਾਕ ਹੈ।
ਜਾਂਚਕਾਰਾਂ ਨੇ ਦੱਸਿਆ ਕਿ ਮੈਰੀਵੇਲ ਰੋਡ ਉੱਤੇ ਸਥਿਤ ਈਸਟਵੇਅ ਟੈਂਕ ਉੱਤੇ ਬੀਤੇ ਦਿਨੀਂ ਇਹ ਧਮਾਕਾ ਹੋਇਆ ਸੀ। ਜਾਂਚਕਾਰਾਂ ਦਾ ਅਜੇ ਵੀ ਇਹ ਆਖਣਾ ਹੈ ਕਿ ਇਸ ਧਮਾਕੇ ਦੇ ਕਾਰਨਾਂ ਬਾਰੇ ਹੁਣੇ ਜਾਣਕਾਰੀ ਦੇਣਾ ਜਲਦਬਾਜ਼ੀ ਹੋਵੇਗੀ। ਇਸ ਸਾਈਟ ਉੱਤੇ ਮਲਬਾ, ਕੈਮੀਕਲ ਤੇ ਨਾਜ਼ੁਕ ਢਾਂਚਾ ਆਦਿ ਮੌਜੂਦ ਹਨ। ਇਸ ਦੇ ਨਾਲ ਹੀ ਖਰਾਬ ਮੌਸਮ ਵੀ ਜਾਂਚ ਵਿੱਚ ਅੜਿੱਕਾ ਪਾ ਰਿਹਾ ਹੈ।
ਓਟਵਾ ਪੁਲਿਸ ਇੰਸਪੈਕਟਰ ਫਰੈਂਕ ਦਾਓਸਟ ਨੇ ਆਖਿਆ ਕਿ ਜਾਂਚ ਦੇ ਤੀਜੇ ਦਿਨ ਮਲਬੇ ਨੂੰ ਬੜੀ ਹੀ ਸਾਵਧਾਨੀ ਨਾਲ ਹਟਾਏ ਜਾਣ, ਛਤ ਤੇ ਕੰਧਾਂ ਦੇ ਟੁਕੜਿਆਂ ਨੂੰ ਸਾਫ ਕਰਨ ਤੇ ਇਮਾਰਤ ਅੰਦਰ ਮੌਜੂਦ ਸਾਜੋ਼ ਸਮਾਨ ਦੇ ਟੁਕੜਿਆਂ ਨੂੰ ਹੌਲੀ ਹੌਲੀ ਹਟਾਇਆ ਜਾ ਰਿਹਾ ਹੈ।ਇੱਥੇ ਮੌਜੂਦ ਚੀਜ਼ਾਂ ਜਾਂਚਕਾਰਾਂ ਲਈ ਵੀ ਖਤਰਨਾਕ ਹਨ। ਰੀਜਨਲ ਸੁਪਰਵਾਈਜਿ਼ੰਗ ਕੌਰੋਨਰ ਨੇ ਆਖਿਆ ਕਿ ਜਿੰਨੀ ਦੇਰ ਤੱਕ ਸਾਰੇ ਮ੍ਰਿਤਕਾਂ ਦੀ ਸ਼ਨਾਖਤ ਨਹੀਂ ਹੋ ਜਾਂਦੀ ਓਨੀ ਦੇਰ ਇਸ ਸਬੰਧੀ ਐਲਾਨ ਨਹੀਂ ਕੀਤਾ ਜਾ ਸਕਦਾ।