ਲਾਸ ਏਂਜਲਸ:ਅਦਾਕਾਰਾ ਦੀਪਿਕਾ ਪਾਦੂਕੋਨ ਆਉਂਦੇ ਸਮੇਂ ਵਿੱਚ ਦੋ ਦੇਸ਼ਾਂ ਦੇ ਸੱਭਿਆਚਾਰਾਂ ’ਤੇ ਆਧਾਰਤ ਕੌਮਾਂਤਰੀ ਫਿਲਮ ਵਿੱਚ ਦਿਖਾਈ ਦੇਵੇਗੀ। ਇਸ ਫਿਲਮ ਦਾ ਨਾਂ ਹਾਲੇ ਤੈਅ ਨਹੀਂ ਕੀਤਾ ਗਿਆ। ਐੱਸਟੀਐਕਸ ਫਿਲਮਜ਼ ਨੇ ਐਲਾਨ ਕੀਤਾ ਕਿ ਉਹ ਦੀਪਿਕਾ ਨਾਲ ਉਸੇ ਦੇ ਪ੍ਰੋਡਕਸ਼ਨ ਬੈਨਰ ‘ਕਾ’ ਹੇਠ ਇੱਕ ਰੁਮਾਂਟਿਕ ਫਿਲਮ ਬਣਾ ਰਹੇ ਹਨ। ਦੀਪਿਕਾ, ਜਿਸ ਦੀ ਚੋਣ ਟਾਈਮ ਮੈਗਜ਼ੀਨ ਵੱਲੋਂ 2018 ਵਿੱਚ ਦੁਨੀਆ ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਵਿੱਚ ਕੀਤੀ ਗਈ ਸੀ, ਨੇ ਕਿਹਾ, ‘ਕਾ ਪ੍ਰੋਡਕਸ਼ਨਜ਼ ਦੀ ਸਥਾਪਨਾ ਵਿਸ਼ਵ ਪੱਧਰ ’ਤੇ ਉਸਾਰੂ ਸਮੱਗਰੀ ਵਿਕਸਿਤ ਕਰਨ ਲਈ ਕੀਤੀ ਗਈ। ਐੱਸਟੀਐਕਸ ਫਿਲਮਜ਼ ਤੇ ਟੈਂਪਲ ਹਿੱਲ ਪ੍ਰੋਡਕਸ਼ਨਜ਼ ਨਾਲ ਕੰਮ ਕਰਨ ਲਈ ਮੈਂ ਬਹੁਤ ਉਤਸੁਕ ਹਾਂ।’ ਐੱਸਟੀਐਕਸ ਫਿਲਮਜ਼ ਮੋਸ਼ਨ ਪਿਕਚਰ ਗਰੁੱਪ ਦੇ ਚੇਅਰਮੈਨ ਐਡਮ ਫੋਗਲਸਨ ਨੇ ਕਿਹਾ, ‘ਇਸ ਦਾ ਕਾਰਨ ਹੈ ਕਿ ਦੀਪਿਕਾ ਭਾਰਤ ਤੋਂ ਆਉਣ ਵਾਲੇ ਸਭ ਤੋਂ ਵੱਡੇ ਸਿਤਾਰਿਆਂ ’ਚੋਂ ਇੱਕ ਹੈ। ਉਹ ਬਹੁਤ ਪ੍ਰਤਿਭਾਸ਼ਾਲੀ ਹੈ ਤੇ ਕੌਮਾਂਤਰੀ ਸੁਪਰਸਟਾਰ ਵਜੋਂ ਉਸ ਦੀ ਪ੍ਰੋਫਾਈਲ ਵਧਦੀ ਜਾ ਰਹੀ ਹੈ। ਉਸ ਨੇ ‘ਇਰੋਸ ਇੰਟਰਨੈਸ਼ਨਲ ਫਿਲਮਜ਼’ ਵਿੱਚ ਸਫਲਤਾ ਹਾਸਲ ਕੀਤੀ ਹੈ ਤੇ ਹੁਣ ਅਸੀਂ ਦੀਪਿਕਾ ਤੇ ਬਾਕੀ ਦੋਸਤਾਂ ਨਾਲ ਰੁਮਾਂਟਿਕ-ਕਾਮੇਡੀ ਫਿਲਮ ਕਰਨ ਲਈ ਬਹੁਤ ਉਤਸ਼ਾਹਿਤ ਹਾਂ।’ ਉਸ ਨੇ ਕਿਹਾ, ‘ਸਾਡਾ ਮੰਨਣਾ ਹੈ ਕਿ ਇਹ ਪ੍ਰਾਜੈਕਟ ‘ਕਰੇਜ਼ੀ ਰਿਚ ਏਸ਼ੀਅਨਜ਼’ ਵਾਂਗ ਸਾਨੂੰ ਭਾਰਤ ਤੇ ਨਿਊਯਾਰਕ ਦੀ ਭਾਵਨਾ, ਆਵਾਜ਼ ਤੇ ਪਾਤਰਾਂ ਆਦਿ ਨੂੰ ਟੋਹਣ ਦਾ ਮੌਕਾ ਦਿੰਦਾ ਹੈ। ਸਟੂਡੀਓ ਵੱਲੋਂ ‘ਟਵੀਲਾਈਟ ਫਰੈਂਚਾਇਜ਼ੀ’ ਤੇ ‘ਦਿ ਫਾਲਟ ਇਨ ਅਵਰ ਸਟਾਰਜ਼’ ਦੇ ਨਿਰਮਾਤਾ ਵਿਕ ਗੋਡਫਰੇਅ ਤੇ ਮਾਰਟੀਬੋਵੇਨ ਸਮੇਤ ਹੋਰਾਂ ਨਾਲ ਵੀ ਪ੍ਰਾਜੈਕਟ ਬਾਰੇ ਗੱਲਬਾਤ ਕੀਤੀ ਜਾ ਰਹੀ ਹੈ।