ਓਟਵਾ, 10 ਨਵੰਬਰ : ਨੈਨੋਜ਼ ਰਿਸਰਚ ਵੱਲੋਂ ਕਵਾਏ ਗਏ ਨਵੇਂ ਸਰਵੇਖਣ ਅਨੁਸਾਰ ਦੋ ਤਿਹਾਈ ਕੈਨੇਡੀਅਨਜ਼ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਦੇ ਮਹਾਂਮਾਰੀ ਨਾਲ ਸਬੰਧਤ ਬੈਨੇਫਿਟਸ ਜਾਂ ਤਾਂ ਘੱਟ ਕਰ ਦਿੱ਼ਤੇ ਜਾਣੇ ਚਾਹੀਦੇ ਹਨ ਤੇ ਜਾਂ ਪੂਰੀ ਤਰ੍ਹਾਂ ਖ਼ਤਮ ਕੀਤੇ ਜਾਣੇ ਚਾਹੀਦੇ ਹਨ।
ਸਰਵੇਖਣ ਦੇ ਨਤੀਜਿਆਂ ਮੁਤਾਬਕ 36 ਫੀ ਸਦੀ ਕੈਨੇਡੀਅਨਜ਼ ਦਾ ਕਹਿਣਾ ਹੈ ਕਿ ਮਹਾਂਮਾਰੀ ਦਰਮਿਆਨ ਕੈਨੇਡੀਅਨਜ਼ ਨੂੰ ਦਿੱਤੀ ਜਾ ਰਹੀ ਸਰਕਾਰੀ ਮਦਦ ਘਟਾ ਦਿੱਤੀ ਜਾਣੀ ਚਾਹੀਦੀ ਹੈ ਜਦਕਿ 31 ਫੀ ਸਦੀ ਦਾ ਮੰਨਣਾ ਹੈ ਕਿ ਇਸ ਨੂੰ ਖ਼ਤਮ ਕਰ ਦਿੱਤਾ ਜਾਣਾ ਚਾਹੀਦਾ ਹੈ। 7 ਫੀ ਸਦੀ ਦਾ ਮੰਨਣਾ ਹੈ ਕਿ ਇਸ ਵਿੱਚ ਵਾਧਾ ਹੋਣਾ ਚਾਹੀਦਾ ਹੈ ਤੇ 21 ਫੀ ਸਦੀ ਦਾ ਕਹਿਣਾ ਹੈ ਕਿ ਇਸ ਨੂੰ ਮੌਜੂਦਾ ਪੱਧਰ ਉੱਤੇ ਹੀ ਚੱਲਦਾ ਰਹਿਣਾ ਚਾਹੀਦਾ ਹੈ। ਪੰਜ ਫੀ ਸਦੀ ਵੱਲੋਂ ਇਸ ਸਬੰਧ ਵਿੱਚ ਕੋਈ ਰਾਇ ਨਹੀਂ ਪ੍ਰਗਟਾਈ ਗਈ।
ਭੂਗੋਲਿਕ ਤੌਰ ਉੱਤੇ ਜੇ ਗੱਲ ਕੀਤੀ ਜਾਵੇ ਤਾਂ ਇਸ ਸਰਵੇਖਣ ਵਿੱਚ ਹਿੱਸਾ ਲੈਣ ਵਾਲੇ ਓਨਟਾਰੀਓ ਤੇ ਬੀਸੀ ਵਾਸੀਆਂ ਵੱਲੋਂ ਇਸ ਸਰਕਾਰੀ ਇਮਦਾਦ ਵਿੱਚ ਵਾਧਾ ਕੀਤੇ ਜਾਣ ਜਾ ਇਸ ਨੂੰ ਮੌਜੂਦਾ ਪੱਧਰ ਉੱਤੇ ਚੱਲਦਾ ਰੱਖਣ ਦੀ ਗੱਲ ਕੀਤੀ ਗਈ ਜਦਕਿ ਕਿਊਬਿਕ ਤੇ ਐਟਲਾਂਟਿਕ ਕੈਨੇਡਾ ਵਾਸੀਆਂ ਨੇ ਇਸ ਇਮਦਾਦ ਨੂੰ ਘਟਾਉਣ ਜਾਂ ਖ਼ਤਮ ਕਰਨ ਦੀ ਗੱਲ ਆਖੀ।
21 ਅਕਤੂਬਰ ਨੂੰ ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਐਲਾਨ ਕੀਤਾ ਸੀ ਕਿ ਮੌਜੂਦਾ ਆਮਦਨ ਤੇ ਬਿਜ਼ਨਸ ਕੋਵਿਡ-19 ਬੈਨੇਫਿਟਸ ਖ਼ਤਮ ਕਰ ਦਿੱਤੇ ਜਾਣਗੇ ਤੇ ਉਨ੍ਹਾਂ ਦੀ ਥਾਂ ਟਾਰਗੈੱਟ ਦੇ ਹਿਸਾਬ ਨਾਲ ਅਜਿਹੇ ਪ੍ਰੋਗਰਾਮ ਚਲਾਏ ਜਾਣਗੇ। ਇਸ ਤਬਦੀਲੀ ਉੱਤੇ ਸਰਕਾਰ ਵੱਲੋਂ 7·4 ਬਿਲੀਅਨ ਡਾਲਰ ਖਰਚੇ ਜਾਣ ਦੀ ਵੀ ਸੰਭਾਵਨਾ ਪ੍ਰਗਟਾਈ ਗਈ ਸੀ।