ਸੁਖਦੀਪ ਦਾ ਵਿਆਹ ਹੋਏ ਨੂੰ ਅਜੇ ਚਾਰ ਕੁ ਦਿਨ ਹੀ ਹੋਏ ਸਨ। ਨਵੀਂ ਨਵੇਲੀ ਵਹੁਟੀ ਨਾਲ ਦਿੱਲੀ ਕਿਸਾਨ ਧਰਨੇ ’ਚ ਆ ਡਟਿਆ। ਉਧਰ ਬਾਰਡਰ ’ਤੇ ਤਾਇਨਾਤ ਵੱਡੇ ਵੀਰ ਫ਼ੌਜੀ ਮਨਜੀਤ ਦਾ ਫੋਨ ਆਇਆ। ਮਨਜੀਤ ਸੁਣ ਕੇ ਦੰਗ ਰਹਿ ਗਿਆ ਕਿ ਛੋਟੇ ਨੂੰ ਵਹੁਟੀ ਸਮੇਤ ਏਨੀ ਜਲਦੀ ਦਿੱਲੀ ਜਾਣ ਦੀ ਕੀ ਲੋੜ ਪੈ ਗਈ? ਜਦੋਂਕਿ ਬਾਪੂ ਜੀ ਤਾਂ ਪਹਿਲਾਂ ਹੀ ਦੋ ਮਹੀਨੇ ਤੋਂ ਮੋਰਚੇ ’ਚ ਸ਼ਾਮਿਲ ਹਨ। ਪੁੱਛਣ ’ਤੇ ਸੁਖਦੀਪ ਨੇ ਕਿਹਾ, ‘‘ਕੀ ਦੱਸਾਂ ਭਰਾਵਾ! ਬਾਪੂ ਤਾਂ ਮਹੀਨੇ ਭਰ ਤੋਂ ਘਰੇ ਮੰਜੇ ’ਤੇ ਪਿਆ ਹੈ। ਦੋ ਮਹੀਨੇ ਮੋਰਚੇ ’ਚ ਡਟਣ ਨਾਲ ਕਮਜ਼ੋਰੀ ਹੋ ਗਈ ਤੇ ਅਤਿ ਦੀ ਸਰਦੀ ’ਚ ਨਮੂਨੀਆ ਹੋ ਗਿਆ ਸੀ। ਬੇਸੁਧ ਪਿਛਲੇ ਕਮਰੇ ’ਚ ਪਏ ਰਹਿੰਦੇ ਹਨ। ਡਾਕਟਰਾਂ ਨੇ ਇੱਕ ਤਰ੍ਹਾਂ ਜਵਾਬ ਜਿਹਾ ਹੀ ਦੇ ਦਿੱਤਾ ਹੈ।’’ ਸੁਣ ਕੇ ਫ਼ੌਜੀ ਵੀਰ ਮਨ ਹੀ ਮਨ ਬਹੁਤ ਦੁਖੀ ਹੋਇਆ। ‘‘…ਪਰ ਤੂੰ ਏਨੀ ਜਲਦੀ ਨਾ ਆਉਂਦਾ ਅਜੇ…।’’ ਫ਼ੌਜੀ ਵੀਰ ਬੋਲਿਆ। ‘‘ਮੇਰਾ ਆਉਣਾ ਬਹੁਤ ਹੀ ਜ਼ਰੂਰੀ ਸੀ ਵੀਰਾ, ਮੈਨੂੰ ਆਪਣੇ ਆਉਣ ਵਾਲੇ ਬੱਚਿਆਂ ਦੇ ਭਵਿੱਖ ਦੀ ਚਿੰਤਾ ਹੈ।’’ ਸੁਖਦੀਪ ਨੇ ਦਰਦ ਬਿਆਨ ਕੀਤਾ। … ਆਪਣੇ ਹੀ ਦੇਸ਼ ਦੀਆਂ ਸਰਕਾਰਾਂ ਵੱਲੋਂ ਆਪਣੇ ਹੀ ਲੋਕਾਂ ਨਾਲ ਹੁੰਦੇ ਧੱਕੇ ਦੀਆਂ ਗੱਲਾਂ ਸੁਣ ਕੇ ਵੱਡੇ ਵੀਰ ਦਾ ਸਿਰ ਚਕਰਾਉਣ ਲੱਗਾ ਤੇ ਮੱਥੇ ’ਤੇ ਪਸੀਨੇ ਆ ਗਿਆ। ਉਸ ਦਾ ਪਹਿਲਾਂ ਤਾਂ ਦਿਲ ਕੀਤਾ ਕਿ ਹੱਥ ’ਚ ਫੜੀ ਮਸ਼ੀਨਗੰਨ ਦੀਆਂ ਗੋਲੀਆਂ ਦਾ ਮੀਂਹ ਵਰ੍ਹਾ ਕੇ ਸਾਹਮਣੇ ਦੁਸ਼ਮਣ ਦੀ ਫ਼ੌਜੀ ਚੌਕੀ ਤਬਾਹ ਕਰ ਦੇਵੇ। ਪਰ ਫਿਰ ਇਹ ਸੋਚਦਿਆਂ ਚੁੱਪ ਕਰ ਕੇ ਬੈਠ ਗਿਆ ਕਿ ਉਹ ਵੀ ਵਿਚਾਰੇ ਮਜਬੂਰੀਆਂ ਦੇ ਮਾਰੇ ਸਾਡੇ ਵਰਗੇ ਹੀ ਨੇ। ਸਾਡੇ ਅਸਲੀ ਦੁਸ਼ਮਣ ਤਾਂ ਕੋਈ ਹੋਰ ਹੀ ਨੇ।
– ਪਰਮ ਪਿਆਰ ਸਿੰਘ