ਨਵੀਂ ਦਿੱਲੀ, 27 ਸਤੰਬਰ

ਦਿੱਲੀ ’ਚ ਯਮੁਨਾ ਨਦੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਉਤੇ ਲੰਘ ਗਿਆ ਹੈ ਜਿਸ ਕਾਰਨ ਯਮੁਨਾ ਕੰਢੇ ਨੀਵੇਂ ਇਲਾਕਿਆਂ ’ਚ ਰਹਿਣ ਵਾਲੇ ਲੋਕਾਂ ਨੂੰ ਖੇਤਰ ਖਾਲੀ ਕਰਨ ਲਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਉਪਰਲੇ ਖੇਤਰਾਂ ’ਚ ਲਗਾਤਾਰ ਮੀਂਹ ਪੈਣ ਕਾਰਨ ਨਦੀ ਦਾ ਪਾਣੀ 205.33 ਮੀਟਰ ਦੇ ਖਤਰੇ ਦੇ ਨਿਸ਼ਾਨ ਤੋਂ ਟੱਪ ਕੇ 206.18 ਮੀਟਰ ਤੱਕ ਵੱਧ ਗਿਆ ਹੈ। ਇਸ ਸਾਲ ਪਾਣੀ ਦੇ ਪੱਧਰ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਵਾਧਾ ਹੈ। ਪੂਰਬੀ ਦਿੱਲੀ ਦੇ ਜ਼ਿਲ੍ਹਾ ਮੈਜਿਸਟਰੇਟ ਅਨਿਲ ਬਾਂਕਾ ਨੇ ਕਿਹਾ ਕਿ ਪਾਣੀ ਦਾ ਪੱਧਰ 206 ਮੀਟਰ ਦੇ ਪਾਰ ਹੋਣ ਤੋਂ ਬਾਅਦ ਮੰਗਲਵਾਰ ਸਵੇਰੇ ਲੋਕਾਂ ਨੂੰ ਇਥੋਂ ਕੱਢਣ ਲਈ ਅਲਰਟ ਜਾਰੀ ਕੀਤਾ ਗਿਆ ਸੀ। ਨਦੀ ਦੇ ਕਿਨਾਰਿਆਂ ਤੇ ਨੀਵੇਂ ਇਲਾਕਿਆਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ ਅਤੇ ਲੋਕਾਂ ਨੂੰ ਉੱਚੀਆਂ ਥਾਵਾਂ ‘ਤੇ ਭੇਜਿਆ ਜਾ ਰਿਹਾ ਹੈ। ਉਨ੍ਹਾਂ ਦੇ ਰਹਿਣ ਲਈ ਸਰਕਾਰੀ ਸਕੂਲਾਂ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਰੈਣ ਬਸੇਰੇ ਦਾ ਪ੍ਰਬੰਧ ਕੀਤਾ ਗਿਆ ਹੈ। ਦਿੱਲੀ ਵਿੱਚ ਨਦੀ ਦੇ ਨਾਲ-ਨਾਲ ਨੀਵੇਂ ਇਲਾਕਿਆਂ ਨੂੰ ਹੜ੍ਹ ਸੰਭਾਵਿਤ ਖੇਤਰ ਮੰਨਿਆ ਜਾਂਦਾ ਹੈ, ਜਿੱਥੇ ਲਗਪਗ 37,000 ਲੋਕ ਰਹਿੰਦੇ ਹਨ। ਦੋ ਮਹੀਨਿਆਂ ਵਿੱਚ ਇਹ ਦੂਜੀ ਵਾਰ ਹੈ ਜਦੋਂ ਅਧਿਕਾਰੀਆਂ ਨੇ ਹੜ੍ਹ ਵਰਗੀ ਸਥਿਤੀ ਕਾਰਨ ਨੀਵੇਂ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਬਾਹਰ ਕੱਢਿਆ ਹੈ।