ਨਵੀਂ ਦਿੱਲੀ:ਦਿੱਲੀ ਪੁਲੀਸ ਨੇ ਆਵਾਜਾਈ ਨਿਯਮਾਂ ਸਬੰਧੀ ਇੱਕ ਗੰਭੀਰ ਸੁਨੇਹੇ ਨੂੰ ਹਾਸੇ ਦਾ ਤੜਕਾ ਲਗਾਉਂਦਿਆਂ ਬੌਲੀਵੁੱਡ ਅਦਾਕਾਰਾ ਕਰੀਨਾ ਕਪੂਰ ਦੀ ਫਿਲਮ ‘ਕਭੀ ਖੁਸ਼ੀ ਕਭੀ ਗਮ’ ਦੇ ਮਸ਼ਹੂਰ ਕਿਰਦਾਰ ਦਾ ਸਹਾਰਾ ਲਿਆ ਹੈ। ਟਵਿੱਟਰ ’ਤੇ ਦਿੱਲੀ ਪੁਲੀਸ ਦੇ ਅਧਿਕਾਰਤ ਖਾਤੇ ਤੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਉਨ੍ਹਾਂ ਲੋਕਾਂ ਨੂੰ ਦਿਖਾਇਆ ਗਿਆ ਹੈ ਜੋ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਂਦੇ ਹਨ, ਲਾਲ ਬੱਤੀ ਦੀ ਉਲੰਘਣਾ ਕਰਦੇ ਹਨ ਅਤੇ ਸੜਕ ’ਤੇ ਦੂਜਿਆਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਵੀਡੀਓ ਵਿੱਚ ਤੇਜ਼ ਰਫ਼ਤਾਰ ਗੱਡੀ ਆਉਂਦੀ ਦਿਖਾਈ ਦਿੰਦੀ ਹੈ ਅਤੇ ਲਾਲ ਬੱਤੀ ਦੀ ਉਲੰਘਣਾ ਕਰਦੀ ਹੈ। ਜਿਉਂ ਹੀ ਗੱਡੀ ਲਾਲ ਬੱਤੀ ਦੀ ਉਲੰਘਣਾ ਕਰਦੀ ਹੈ, ਲਾਲ ਬੱਤੀ ਦੇ ਉੱਪਰ ਲੱਗੀ ਸਕਰੀਨ ’ਤੇ ਫਿਲਮ ਵਿਚਲਾ ਕਰੀਨਾ ਦਾ ਕਿਰਦਾਰ ਪੂ ਸਾਹਮਣੇ ਆਉਂਦਾ ਹੈ। ਉਹ ਆਪਣੀ ਮਸ਼ਹੂਰ ਲਾਈਨ ਬੋਲਦੀ ਸੁਣਾਈ ਦਿੰਦੀ ਹੈ, ‘‘ਕੌਣ ਹੈ ਇਹ ਜਿਸ ਨੇ ਦੁਬਾਰਾ ਮੁੜ ਕੇ ਮੈਨੂੰ ਨਹੀਂ ਦੇਖਿਆ।’’ ਟਵੀਟ ਕੀਤੀ ਗਈ ਪੋਸਟ ਦੀ ਕੈਪਸ਼ਨ ਵਿੱਚ ਲਿਖਿਆ ਗਿਆ ਹੈ, ‘‘ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਾ ਕੌਣ ਹੈ? ਪੂ ਨੂੰ ਧਿਆਨ ਪਸੰਦ ਹੈ, ਇਸ ਲਈ ਟਰੈਫਿਕ ਲਾਈਟਾਂ ਦੀ ਪਾਲਣਾ ਕਰੋ!’’ ਕਰਨ ਜੌਹਰ ਦੇ ਨਿਰਦੇਸ਼ਨ ਹੇਠ ਬਣੀ ਫਿਲਮ ‘ਕਭੀ ਖੁਸ਼ੀ ਕਭੀ ਗਮ’ ਸਾਲ 2001 ਵਿੱਚ ਰਿਲੀਜ਼ ਹੋਈ ਸੀ। ਇਸ ਫਿਲਮ ਵਿੱਚ ਅਮਿਤਾਭ ਬੱਚਨ, ਜਯਾ ਬੱਚਨ, ਸ਼ਾਹਰੁਖ ਖ਼ਾਨ, ਕਾਜੋਲ ਅਤੇ ਰਿਤਿਕ ਰੌਸ਼ਨ ਨੇ ਕੰਮ ਕੀਤਾ ਸੀ। ਫਿਲਮ ਵਿੱਚ ਰਾਣੀ ਮੁਖਰਜੀ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲਗਵਾਈ ਸੀ।