ਨਵੀਂ ਦਿੱਲੀ, 14 ਜਨਵਰੀ

ਗਣਤੰਤਰ ਦਿਵਸ ਤੋਂ ਪਹਿਲਾਂ ਰਾਸ਼ਟਰੀ ਰਾਜਧਾਨੀ ਦੇ ਪੂਰਬੀ ਹਿੱਸੇ ਵਿੱਚ ਅੱਜ ਸਵੇਰੇ ਅਣਪਛਾਤੇ ਬੈਗ ਆਈਈਡੀ ਮਿਲੀ। ਇਸ ਕਾਰਨ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਸੀਨੀਅਰ ਅਧਿਕਾਰੀ ਨੇ ਕਿਹਾ ਸ਼ੱਕੀ ਬੈਗ ਵਿੱਚੋਂ ਆਈਈਡੀ ਬਰਾਮਦ ਕੀਤੀ ਗਈ ਹੈ ਤੇ ਉਸ ਨੂੰ ਠੁੱਸ ਕਰ ਦਿੱਤਾ ਗਿਆ ਹੈ। ਸਵੇਰੇ 10.20 ਵਜੇ ਦੇ ਕਰੀਬ ਫੋਨ ਰਾਹੀਂ ਗਾਜ਼ੀਪੁਰ ਫੁੱਲ ਬਾਜ਼ਾਰ ‘ਚ ਲਾਵਾਰਸ ਬੈਗ ਮਿਲਣ ਬਾਰੇ ਜਾਣਕਾਰੀ ਮਿਲੀ। ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ‘ਤੇ ਪਹੁੰਚ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸਥਿਤੀ ਦਾ ਜਾਇਜ਼ਾ ਲੈਣ ਲਈ ਰਾਸ਼ਟਰੀ ਸੁਰੱਖਿਆ ਗਾਰਡ ਦੇ ਬੰਬ ਠੁੱਸ ਦਸਤੇ ਅਤੇ ਦਿੱਲੀ ਪੁਲੀਸ ਦੀ ਅਤਿਵਾਦ ਰੋਕੂ ਯੂਨਿਟ ਸਪੈਸ਼ਲ ਸੈੱਲ ਦੀ ਟੀਮ ਵੀ ਮੌਕੇ ‘ਤੇ ਪਹੁੰਚ ਗਈ। ਇਸ ਤੋਂ ਬਾਅਦ ਪੁਲੀਸ ਨੇ ਲੋਕਾਂ ਦੀ ਸੁਰੱਖਿਆ ਲਈ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ। ਬਾਅਦ ਵਿੱਚ ਰਾਸ਼ਟਰੀ ਸੁਰੱਖਿਆ ਗਾਰਡ ਦੇ ਬੰਬ ਠੁੱਸ ਦਸਤੇ ਨੇ ਆਈਈਡੀ ਨੂੰ ਨਾਕਾਮ ਕਰ ਦਿੱਤਾ। ਇਸ ਦੌਰਾਨ ਸਪੈਸ਼ਲ ਸੈੱਲ ਨੇ ਵਿਸਫੋਟਕ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।