ਕੇ.ਐਲ.ਗਰਗ

ਸ਼ਾਮੀਂ ਬਾਹਰੋਂ ਆਏ ਜਵਾਨ ਪੁੱਤਰ ਦੇ ਹੱਥ ਵਿਚ ਫੜੀ ਥੈਲੀ ਦੇਖ ਕੇ, ਦਲਾਨ ’ਚ ਖਲ੍ਹੋਤੇ ਬਾਪੂ ਨੂੰ, ਪਲ ਦੀ ਪਲ, ਇਉਂ ਲੱਗਿਆ ਜਿਵੇਂ ਪੁੱਤ ਦੀ ਥਾਂ ਕੋਈ ਜਮਦੂਤ ਖਲ੍ਹੋਤਾ ਹੋਵੇ; ਜਿਵੇਂ ਉਸ ਨੇ ਥੈਲੀ ਦੀ ਥਾਂ ਹੱਥ ਵਿਚ ਉਸ ਦੀ ਮੌਤ ਦਾ ਪੈਗ਼ਾਮ ਫੜਿਆ ਹੋਵੇ, ਉਸਦੀ ਮੌਤ ਦਾ ਵਾਰੰਟ ਲਿਆਂਦਾ ਹੋਵੇ। ਜਾਣਦੇ ਹੋੲੇ ਵੀ, ਮਚਲਾ ਜਿਹਾ ਹੋ ਕੇ, ਉਸਨੇ ਪੁੱਤ ਨੂੰ ਪੁੱਛਿਆ, ‘‘ਇਹ ਕੀ ਐ, ਪੁੱਤ? ਥੈਲੀ?’’ ਸਵਾਲ ਸੁਣਦਿਆਂ ਹੀ ਪੁੱਤ ਦੀਆਂ ਤਾਂ ਜਿਵੇਂ ਵਾਛਾਂ ਹੀ ਖਿੜ ਗਈਆਂ ਹੋਣ। ਹੱਸਦੇ-ਹੱਸਦੇ ਕਹਿਣ ਲੱਗਾ, ‘‘ਤੇਰੀ ਨਜ਼ਰ ਸਵੱਲੀ ਹੋਗੀ ਤਾਂ ਇਹ ਨੋਟਾਂ ਵਾਲੀ ਥੈਲੀ ਬਣਜੂ, ਬਾਪੂ। ਤੂੰ ਰੋਜ਼ ਕਹਿੰਦਾ ਰਹਿੰਨਾਂ ਬਈ ਧੀ ਪੁੱਤ ਮੇਰੀ ਸੇਵਾ-ਸੂਵਾ ਨੀਂ ਕਰਦੇ। ਤੇਰੇ ਲਈ ਅਜਿਹੀ ਅੰਮ੍ਰਿਤ ਦੀ ਬੂਟੀ ਲਿਆਇਆਂ ਜਿਸ ਨੂੰ ਪੀਂਦੇ ਹੀ ਤੂੰ ਅਮਰ ਹੋਜੇਂਗਾ। ਸੁਰਗ ਦਾ ਦਸਵਾਂ ਦੁਆਰ ਕਿਹੜਾ ਨਾ ਦਿਸਣ ਲੱਗ ਜੂ… ਪਹਿਲੇ ਤੋੜ ਦੀ ਕਹਿ ਕੇ ਲਿਆਇਆਂ। ਤੂੰ ਚਾਹੇਂ ਤਾਂ ਇਹ ਸੋਨੇ ਦੀ ਥੈਲੀ ਬਣ ਸਕਦੀ ਐ।’’

ਸੁਣਦਿਆਂ ਹੀ ਬਾਪੂ ਨੂੰ ਤਾਂ ਜਿਵੇਂ ਘੁਮੇਰ ਜਿਹੀ ਹੀ ਆ ਗਈ ਹੋਵੇ। ਉਸ ਥੈਲੀ-ਕਾਂਡ ਬਾਰੇ ਕਿੰਨਾ ਕੁਝ ਤਾਂ ਸੁਣ ਲਿਆ ਹੋਇਆ ਸੀ। ਚਾਰੇ ਪਾਸੇ ਹਾਹਾਕਾਰ ਤਾਂ ਮੱਚੀ ਪਈ ਸੀ। ‘‘ਰੂੜ੍ਹੀ ਮਾਰਕਾ ਨਕਲੀ ਦਾਰੂ ਲਿਆਇਐਂ? ਜੀਹਦੇ ਪੀਣ ਨਾਲ ਸੈਂਕੜੇ ਬੰਦੇ ਮਰਗੇ ਆ…?’’ ਬਾਪੂ ਨੇ ਕੌੜਾ ਜਿਹਾ ਮੂੰਹ ਬਣਾ ਕੇ ਪੁੱਛਿਆ। ਪੁੱਤ ਵੀ ਭੋਲਾ ਜਿਹਾ ਮੂੰਹ ਬਣਾ ਕੇ ਬੋਲਿਆ, ‘‘ਬਾਪੂ, ਉਹ ਮਰੇ ਥੋੜ੍ਹੋ ਐ। ਉਹ ਤਾਂ ਸ਼ਹੀਦ ਹੋਏ ਐ ਆਪਣੇ ਧੀਆਂ-ਪੁੱਤਾਂ ਲਈ। ਧੀਆਂ-ਪੁੱਤਾਂ ਲਈ ਆਪਾ ਵਾਰ ਦੇਣ ਦਾ ਤਾਂ ਫ਼ਰਜ਼ ਹੁੰਦੈ ਮਾਪਿਆਂ ਦਾ।’’

‘‘ਪਰ ਮੈਂ ਹਾਲੇ ਮਰਨਾ ਨੀ ਚਾਹੁੰਦਾ ਪੁੱਤ।’’ ਬਾਪੂ ਨੇ ਕਹਿ ਦਿੱਤਾ।

‘‘ਤੈਨੂੰ ਮਰਨ ਨੂੰ ਭਲਾ ਕੌਣ ਕਹਿੰਦੈ। ਤੂੰ ਵੀ ਸ਼ਹੀਦ ਹੋਵੇਂਗਾ ਆਪਣੇ ਟੱਬਰ ਲਈ। ਸ਼ਹੀਦ! ਐਸਾ ਸ਼ਹੀਦ ਜਿਸਦਾ ਨਾਂ ਤੇਰੇ ਪੋਤੇ ਪੜਪੋਤੇ ਰਹਿੰਦੀ ਦੁਨੀਆ ਤੱਕ ਯਾਦ ਕਰਨਗੇ।’’

‘‘ਮੱਝ ਆਈ ਨੀ ਤੇ ਤੂੰ ਕੱਟਿਆਂ-ਕੱਟੀਆਂ ਦੀਆਂ ਗੱਲਾਂ ਕਰੀ ਜਾਨੈਂ? ਹੈਂ?’’ ਬਾਪੂ ਨੇ ਖਿਝ ਕੇ ਕਿਹਾ।

‘‘ਆਹ ਅੰਮ੍ਰਿਤ ਡੀਕੇਂਗਾ ਤਾਂ ਮੱਝ ਵੀ ਆਜੂ। ਮੱਝ ਆਗੀ ਤਾਂ ਕੱਟੜੂ ਵਛੜੂ ਵੀ ਆ ਜਾਣਗੇ…।’’

‘‘ਪਰ ਮੈਂ ਮਰਨਾ ਨੀਂ ਥੋਡੇ ਕਪੂਤਾਂ ਪਿੱਛੇ।’’ ਬਾਪੂ ਨੇ ਡੱਕਾ ਹੀ ਤੋੜ ਦਿੱਤਾ ਸੀ।

‘‘ਹਾੜੇ-ਹਾੜੇ ਬਾਪੂ! ਮੰਨ ਜਾ। ਕਿਉਂ ਐਵੇਂ ਅੜੀ ਕਰੀ ਜਾਨੈਂ। ਹੋਰ ਸਾਲ ਦੋ ਸਾਲ ਨੂੰ ਵੀ ਤਾਂ ਜਾਏਂਗਾ ਈ। ਫੇਰ ਕਿਹੜਾ ਰਥ ’ਤੇ ਬਹਿ ਕੇ ਜਾਏਂਗਾ। ਬਾਪੂ ਕਰਕੇ ਮੰਨ ਜਾ। ਫੇਰ ਵੀ ਤੂੰ ਸਾਡੇ ਪਿਤਾ ਸਮਾਨ ਐਂ।’’

‘‘ਮੈਂ ਥੋਡਾ ਸਕਾ ਪਿਤਾ ਈ ਆਂ, ਪਿਤਾ ਸਮਾਨ ਨੀਂ ਕਪੂਤਾ…।’’ ਬਾਪੂ ਨੂੰ ਰੋਹ ਚੜ੍ਹ ਗਿਆ ਸੀ।

‘‘ਚੱਲ ਸਕਾ ਪਿਊ ਈ ਸਹੀ। ਮੰਨ ਲੈਂਦੇ ਆਂ। ਪਰ ਸਕੇ ਪਿਉਆਂ ਵਾਲਾ ਕੋਈ ਕਰਤੱਵ ਤਾਂ ਕਰਕੇ ਦਿਖਾ। ਮਾਪੇ ਤਾਂ ਪੁੱਤਾਂ ਵਾਸਤੇ ਕੀ ਕੁਸ਼ ਨੀਂ ਕਰੀ ਜਾਂਦੇ। ਤੂੰ ਭੋਰਾ ਕੁ ਕੁਰਬਾਨੀ ਨੀਂ ਕਰ ਸਕਦਾ।’’

‘‘ ਮੈਨੂੰ ਵੀ ਜਾਨ ਪਿਆਰੀ ਐ, ਪੁੱਤਾ। ਮੈਂ ਵੀ ਜਗਤ ਤਮਾਸ਼ਾ ਦੇਖਣਾ ਚਾਹੁੰਨੈਂ…।’’ ਬਾਪੂ ਨੇ ਕਿਹਾ।

‘‘ਹਾਲੇ ਰੱਜਿਆ ਨੀ ਤੂੰ ਜਿਉਂ-ਜਿਉਂ ਕੇ। ਨਾਲੇ ਇਹ ਵੀ ਕੋਈ ਜੀਣ ਐ। ਨਾ ਚੱਜ ਨਾਲ ਖਾਣ ਨੂੰ ਨਾ ਪੀਣ ਨੂੰ। ਨਾ ਕੰਮ ਨਾ ਧੰਦਾ। ਸਾਰਾ ਟੱਬਰ ਵਿਹਲੀਆਂ ਮੰਜੀਆਂ ਤੋੜਦੈ। ਇਸਨੂੰ ਤੂੰ ਜੀਣ ਕਹਿੰਨੈ?’’

ਬਾਪੂ ਨੂੰ ਕੋਈ ਜੁਆਬ ਨਾ ਅਹੁੜਿਆ।

‘‘ਜ਼ਰਾ ਦਿਮਾਗ਼ ਨਾਲ ਸੋਚ। ਤੇਰੀ ਭੋਰਾ ਕੁ ਕੁਰਬਾਨੀ ਨਾਲ ਟੱਬਰ ਵਸਦਿਆਂ ’ਚ ਹੋ ਜੂ। ਹੁਣ ਤਾਂ ਥੈਲੀ ਪੀ ਕੇ ਸ਼ਹੀਦ ਹੋਏ ਬੰਦੇ ਲਈ ਸਰਕਾਰ ਪੰਜ ਲੱਖ ਰੁਪਏ ਤੇ ਇਕ ਜੀਅ ਨੂੰ ਨੌਕਰੀ ਦਿੰਦੀ ਐ। ਪੰਜ ਲੱਖ ਤਾਂ ਠੀਕਰੀਆਂ ਨੀ ਆਪਾਂ ਤੋਂ ਕੱਠੀਆਂ ਹੋਣੀਆਂ, ਸਰਕਾਰ ਪੰਜ ਲੱਖ ਰੁਪਏ ਦੀਆਂ ਨਵੀਆਂ ਨਕੋਰ, ਗਾਂਧੀ ਦੀਆਂ ਫੋਟੂਆਂ ਵਾਲੀਆਂ ਗੁੱਟੀਆਂ ਦਊ। ਸਰਕਾਰੀ ਨੌਕਰੀ। ਤੇਰੇ ਪੁੱਤ, ਪੋਤੇ ਪੜਪੋਤੇ ਤੇਰੇ ਗੁਣ ਗਾਉਣਗੇ। ਧੁਰ ਅੰਦਰੋਂ ਅਸੀਸਾਂ ਦੇਣਗੇ। ਤੇਰੇ ਸ਼ਰਾਧ ਵੇਲੇ ਗਿਆਰਾਂ-ਗਿਆਰਾਂ ਪੰਡਤਾਂ ਨੂੰ ਖੀਰ-ਕੜਾਹ ਖਵਾਇਆ ਕਰਨਗੇ। ਤੂੰ ਉੱਤੋਂ ਸੁਰਗਾਂ ’ਚੋਂ ਝਾਤੀਆਂ ਮਾਰ-ਮਾਰ ਦੇਖਿਆ ਕਰੇਂਗਾ। ਪੀ ਜਾ ਗਟ-ਗਟ ਕਰਕੇ ਤੇ ਟੁੱਟੇ-ਭੱਜੇ ਟੱਬਰ ਲਈ ਅਮਰ ਹੋ ਜਾ। ਮੇਰਾ ਕਿਹੜਾ ਚਿੱਤ ਕਰਦੈ, ਪਰ ਵੇਲਾ ਹੀ ਇਹੋ ਜਿਹੈ ਬਾਪੂ। ਜਦੋਂ ਜਿਉਂਦਿਆਂ ਨਾਲੋਂ ਮਰਿਆਂ ਦੀ ਜ਼ਿਆਦਾ ਕਦਰ ਹੈ।’’

‘‘ਚਲਿਆ ਜਾਹ ਕਪੂਤਾ, ਮੇਰੀਆਂ ਅੱਖਾਂ ਤੋਂ ਦੂਰ ਹੋ ਜਾ…।’’ ਆਖ ਬਾਪੂ ਅੰਦਰਲੇ ਕਮਰੇ ’ਚ ਜਾ ਵੜਿਆ। ਪਿੱਛੋਂ ਉਸ ਨੂੰ ਆਪਣੀ ਤੀਵੀਂ ਦੀ ਆਵਾਜ਼ ਵੀ ਸੁਣਾਈ ਦਿੱਤੀ, ‘‘ਐਮੇਂ ਈ ਅੜੀ ਕਰੀ ਜਾਨੈਂ। ਧੀਆਂ-ਪੁੱਤਾਂ ਦੇ ਸੁਖ ਲਈ ਮਾਪੇ ਸਭ ਕੁਝ ਕਰਦੇ ਐ…।’’

ਖਾਉ-ਪੀਉ ਤੋਂ ਬਾਅਦ ਸਭ ਦੁਖੀ ਮਨ ਨਾਲ ਆਪੋ-ਆਪਣੀਆਂ ਮੰਜੀਆਂ ’ਤੇ ਲਿਟ ਗਏ। ਬਾਪੂ ਨੂੰ ਵੀ ਖ਼ਿਆਲ ਆਉਣੇ ਸ਼ੁਰੂ ਹੋ ਗੲੇ। ‘‘ਕੱਲ੍ਹ ਨੂੰ ਵੀ ਤਾਂ ਸੰਸਾਰ ਤੋਂ ਚਲੇ ਈ ਜਾਣੈਂ। ਜੇ ਇਕ ਦਿਨ ਪਹਿਲਾਂ ਚਲੇ ਜਾਈਏ, ਫੇਰ ਕਿਹੜੀ ਪਰਲੋ ਆਉਣ ਲੱਗੀ ਐ। ਜੇ ਇਕ ਜੀਅ ਦੇ ਜਾਣ ਨਾਲ ਟੱਬਰ ਦੀਆਂ ਲਹਿਰਾਂ-ਬਹਿਰਾਂ ਹੋ ਜਾਣ ਤਾਂ ਹੋਰ ਵਾਹਿਗੁਰੂ ਤੋਂ ਕੀ ਮੰਗਦੇ ਆਂ। ਚੱਲ ਬਈ ਬਚਿੱਤਰਾ ਹੋ ਜਾ ਸ਼ਹੀਦ!’’ ਆਖ ਉਸ ਥੈਲੀ ਦਾ ਮੂੰਹ ਖੋਲ੍ਹ ਕੇ ਮੂੰਹ ਨੂੰ ਲਾ ਲਿਆ ਤੇ ਗਟ-ਗਟ ਕਰਕੇ ਅੱਧੀ ਕੁ ਖਾਲੀ ਕਰ ਦਿੱਤੀ।

ਥੋੜ੍ਹੀ ਦੇਰ ਬਾਅਦ ਸਿਰ ਨੂੰ ਘੁਮੇਰਨੀਆਂ ਜਿਹੀਆਂ ਆਈਆਂ ਤੇ ਅੱਖਾਂ ਮੂਹਰੇ ਭੰਬੂਤਾਰੇ ਜਿਹੇ ਨੱਚਣ ਲੱਗ ਪਏ। ਪਾਵੇ ਕੋਲ ਪਈ ਥੈਲੀ ’ਤੇ ਹੱਥ ਵੱਜਣ ਨਾਲ ਉਹ ਮੰਜੇ ਕੋਲ ਹੀ ਟੇਢੀ ਹੋ ਗਈ ਸੀ।

ਪੁੱਤ ਨੂੰ ਉਮੀਦ ਸੀ ਕਿ ਉਹਦਾ ਪਿਆਰਾ ਬਾਪੂ ਉਹਤੋਂ ਭੱਜਣ ਨਹੀਂ ਲੱਗਾ। ਐਵੇਂ ਉੱਤੋਂ-ਉੱਤੋਂ ਈ ਨਾਂਹ-ਨਾਂਹ ਕਰੀ ਜਾਂਦਾ ਸੀ। ਉਸ ਨੇ ਕਾਰਾ ਤਾਂ ਕਰ ਦਿੱਤਾ ਹੋਣੈਂ।

ਉਹ ਖ਼ੁਸ਼ੀ-ਖ਼ੁਸ਼ੀ ਸੁੱਤੇ ਹੋਏ ਬਾਪੂ ਕੋਲ ਆਇਆ। ਅਗਾਂਹ ਬਾਪੂ ਤਾਂ ਮੰਜੀ ’ਤੇ ਬੈਠਾ ਟਾਹਰਾਂ ਮਾਰੀ ਜਾਂਦਾ ਸੀ।

‘‘ਪੁੱਤ, ਇਹ ਤਾਂ ਤੂੰ ਕਮਾਲ ਦੀ ਚੀਜ਼ ਲਿਆਇਐਂ। ਏਨੀਂ ਨੀਂਦ ਤਾਂ ਮੈਨੂੰ ਸਾਰੀ ਉਮਰ ਨੀਂ ਆਈ ਜਿੰਨੀ ਇਕ ਰਾਤ ’ਚ ਆਗੀ। ਲੱਗਦੈ ਜਿਵੇਂ ਮੇਰੀ ਸਾਰੀ ਉਮਰ ਦੀ ਹੀ ਨੀਂਦ ਪੂਰੀ ਹੋ ਗਈ ਹੋਵੇ।’’

ਪੁੱਤ ਦਾ ਤਾਂ ਜਿਵੇਂ ਰੋਣ ਹੀ ਨਿਕਲ ਗਿਆ ਹੋਵੇ। ਮਨ ਹੀ ਮਨ ਕਹਿਣ ਲੰਗਾ, ‘‘ਇਹ ਬੁੜ੍ਹੇ ਵੀ ਅਜੀਬ ਚੀਜ਼ ਨੇ। ਜਦੋਂ ਇਨ੍ਹਾਂ ਨੂੰ ਮਰਨਾ ਚਾਹੀਦੈ, ਉਦੋਂ ਮਰਦੇ ਨੀਂ ਤੇ ਜਦੋਂ ਜਿਉਣਾ ਚਾਹੀਦੈ ਉਦੋਂ ਜਿਉਂਦੇ ਨੀ।’’

‘‘ਤੂੰ ਕੁਸ਼ ਮੈਨੂੰ ਕਿਹੈ ਪੁੱਤ?’’ ਬਾਪੂ ਨੇ ਪੁੱਛਿਆ।

‘‘ਆਪੋ-ਆਪਣੀ ਕਿਸਮਤ ਐ ਬਾਪੂ। ਕੋਈ ਥੈਲੀ ਪੀ ਕੇ ਟੱਬਰ ਦੇ ਚਿੱਠੇ ਤਾਰਗੇ ਤੇ ਕੋਈ ਥੈਲੀ ਮੁਫ਼ਤੋ-ਮੁਫ਼ਤੀ ਡਕਾਰਗੇ। ਡਕਾਰ ਵੀ ਨੀਂ ਮਾਰਿਆ।’’ ਆਖ ਮੁੰਡਾ ਰੋਣੀ ਸੂਰਤ ਬਣਾ ਕੇ ਆਪਣੀ ਬੇਬੇ ਕੋਲ ਆ ਖਲ੍ਹੋਤਾ ਸੀ।

‘‘ਕਲਯੁੱਗ ਦਾ ਪਹਿਰ ਐ ਪੁੱਤ, ਇਹਦਾ ਕੀ ਕਸੂਰ ਐ। ਇਹ ਇਉਂ ਮਰਨ ਵਾਲੀਆਂ ਸੂਰਤਾਂ ਥੋੜ੍ਹੋ ਨੇ। ਪਤਾ ਨਹੀਂ ਇਹਨੇ ਹਾਲੇ ਆਪਣਾ ਕਿੰਨਾ ਲਹੂ ਪੀਣੈਂ। ਚੱਲ ਸਬਰ ਕਰ, ਮੇਰਾ ਪੁੱਤ।’’ ਬੇਬੇ ਨੇ ਵੀ ਉਦਾਸ ਟੋਨ ਵਿਚ ਆਖ ਦਿੱਤਾ ਸੀ। ‘‘ਸਬਰ ਤੋਂ ਬਗੈਰ ਹੋਰ ਆਪਾਂ ਕਰ ਵੀ ਕੀ ਸਕਦੇ ਆਂ, ਮੇਰੀਏ ਭੋਲੀਏ ਬੇਬੇ?’’ ਆਖ ਪੁੱਤ, ਮੁਸਮੁਸ ਕਰ, ਹੱਥ ਮਲਣ ਲੱਗ ਪਿਆ ਸੀ। ਬਾਪੂ ਅੱਖਾਂ ਮਲਦਾ-ਮਲਦਾ, ਮੁੱਛਾਂ ਨੂੰ ਵੱਟ ਦਿੰਦਾ, ਬਾਹਰ ਆ ਕੇ ਕਹਿਣ ਲੱਗਾ, ‘‘ਸਹੁਰਿਓ, ਹਾਲੇ ਤਾਂ ਮੈਂ ਚੰਗਾ ਭਲਾਂ, ਹੁਣੇ ਈ ਕਾਹਨੂੰ ਬੁਕੀ ਜਾਨੇਂ ਆਂ?’’

‘‘ਤੇਰਾ ਜਿਉਂਦੇ ਦਾ ਸਿਆਪਾ ਕਰੀ ਜਾਨੇਂ ਆਂ,’’ ਪੁੱਤ ਤੋਂ ਅਚਾਨਕ ਹੀ ਆਖ ਹੋ ਗਿਆ ਸੀ।