ਬੈਂਕਾਕ, 9 ਮਈ

ਭਾਰਤੀ ਬੈਡਮਿੰਟਨ ਟੀਮ ਨੇ ਅੱਜ ਇੱਥੇ ਕੈਨੇਡਾ ਨੂੰ ਗਰੁੱਪ ਮੁਕਾਬਲੇ ਵਿੱਚ 5-0 ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕਰਦਿਆਂ ਥਾਮਸ ਕੱਪ ਦੇ ਨਾਕਆਊਟ ਦੌਰ ਲਈ ਕੁਆਲੀਫਾਈ ਕਰ ਲਿਆ ਹੈ। ਐਤਵਾਰ ਨੂੰ ਪਹਿਲੇ ਮੈਚ ਵਿੱਚ ਜਰਮਨੀ ਨੂੰ 5-0 ਨਾਲ ਹਰਾਉਣ ਵਾਲੀ ਭਾਰਤੀ ਟੀਮ ਦਾ ਗਰੁੱਪ-ਸੀ ਵਿੱਚ ਸਿਖਰਲੀਆਂ ਦੋ ਟੀਮਾਂ ਵਿੱਚ ਰਹਿਣਾ ਤੈਅ ਹੈ। ਭਾਰਤੀ ਟੀਮ ਗਰੁੱਪ-ਸੀ ਦਾ ਆਪਣਾ ਆਖਰੀ ਮੁਕਾਬਲਾ ਬੁੱਧਵਾਰ ਨੂੰ ਚੀਨੀ ਤਾਇਪੈ ਦੀ ਟੀਮ ਖ਼ਿਲਾਫ਼ ਖੇਡੇਗੀ। ਦੱਸਣਯੋਗ ਹੈ ਕਿ ਭਾਰਤੀ ਟੀਮ ਟੂਰਨਾਮੈਂਟ ਵਿੱਚ ਆਪਣੇ ਪਹਿਲੇ ਤਗ਼ਮੇ ਦੀ ਤਲਾਸ਼ ਵਿੱਚ। ਭਾਰਤੀ ਟੀਮ ਕਦੇ ਵੀ ਥਾਮਸ ਕੱਪ ਦੇ ਸੈਮੀ ਫਾਈਨਲ ’ਚ ਨਹੀਂ ਪਹੁੰਚ ਸਕੀ ਹੈ। ਦੂਜੇ ਪਾਸੇ ਭਾਰਤੀ ਮਹਿਲਾ ਟੀਮ ਦਾ ਮੁਕਾਬਲਾ ਮੰਗਲਵਾਰ ਅਮਰੀਕਾ ਅਤੇ ਬੁੱਧਵਾਰ ਨੂੰ ਕੋਰੀਆ ਦੀ ਟੀਮ ਨਾਲ ਹੋਵੇਗਾ। ਮਹਿਲਾ ਟੀਮ ਨੇ ਐਤਵਾਰ ਕੈਨੇਡਾ ਦੀ ਟੀਮ ਨੂੰ 4-1 ਨਾਲ ਹਰਾਇਆ ਸੀ।