ਮੁੰਬਾਈ:ਬੌਲੀਵੁੱਡ ਅਦਾਕਾਰ ਅਰਜੁਨ ਕਪੂਰ ਨੇ ਦੱਸਿਆ ਕਿ ਉਸ ਦੀ ਦਿੱਖ ਵਿੱਚ ਆਈ ਤਬਦੀਲੀ ਮਗਰੋਂ ਲੋਕਾਂ ਵੱਲੋਂ ਕੀਤੀ ਗਈ ਪ੍ਰਸ਼ੰਸਾ ਨਾਲ ਉਸ ਨੂੰ ਬਹੁਤ ਹੱਲਾਸ਼ੇਰੀ ਮਿਲੀ ਹੈ। ਅਰਜੁਨ ਨੇ ਕਿਹਾ ਕਿ ਕਿਸੇ ਵੀ ਇਨਸਾਨ ਨੂੰ ਛੇਤੀ ਮਿਲਣ ਵਾਲੇ ਨਤੀਜਿਆਂ ਦੇ ਆਧਾਰ ’ਤੇ ਨਹੀਂ ਸਗੋਂ ਲੰਮੇਂ ਸਮੇਂ ਦੀ ਸੋਚ ਰੱਖ ਕੇ ਤੰਦਰੁਸਤ ਰਹਿਣ ਵੱਲ ਵਧਣਾ ਚਾਹੀਦਾ ਹੈ। ਲੰਮਾ ਸਮਾਂ ਮੋਟਾਪੇ ਦਾ ਸ਼ਿਕਾਰ ਰਿਹਾ ਅਰਜੁਨ ਕਪੂਰ ਆਪਣੇ ਟਰੇਨਰਾਂ ਅਤੇ ਖੁਰਾਕ ਮਾਹਿਰਾਂ ਵੱਲੋਂ ਦਿੱਤੀ ਗਈ ਜਾਣਕਾਰੀ ਸੋਸ਼ਲ ਮੀਡੀਆ ’ਤੇ ਸਾਂਝੀ ਕਰਨਾ ਚਾਹੁੰਦਾ ਹੈ, ਜਿਸ ਨਾਲ ਹੋਰਨਾਂ ਲੋਕਾਂ ਨੂੰ ਵੀ ਇਸ ਦਾ ਲਾਭ ਮਿਲ ਸਕੇ। ਅਰਜੁਨ ਨੇ ਕਿਹਾ, ‘ਮੇਰੇ ਵੱਲੋਂ ਕੀਤੀ ਗਈ ਮਿਹਨਤ ਲਈ ਮਿਲੀ ਹੱਲਾਸ਼ੇਰੀ ਮੈਨੂੰ ਹਿੰਮਤ ਦਿੰਦੀ ਹੈ। ਹੋਰ ਬਿਹਤਰ ਬਣਨ ਲਈ ਲਗਾਤਾਰ ਮਿਹਨਤ ਕਰਦੇ ਰਹਿਣਾ ਚੰਗਾ ਲਗਦਾ ਹੈ।’ ਅਰਜੁਨ ਨੇ ਕਿਹਾ, ‘ਮੈਂ ਇਸ ਗੱਲ ਦਾ ਸਿਹਰਾ ਆਪਣੇ ਟਰੇਨਰਾਂ ਡ੍ਰਿਊ ਨੀਲ ਤੇ ਅਕਸ਼ਿਤ ਅਰੋੜਾ ਨੂੰ ਦੇਣਾ ਚਾਹਾਂਗਾ ਜਿਨ੍ਹਾਂ ਮੈਨੂੰ ਸਹੀ ਰਾਹ ’ਤੇ ਬਣਾਈ ਰੱਖਣ ਲਈ ਮੇਰੀ ਲੋੜ ਮੁਤਾਬਕ ਨਵੇਂ-ਨਵੇਂ ਪੌਸ਼ਟਿਕ ਪਕਵਾਨ ਬਣਾ ਕੇ ਮੇਰੀ ਮਦਦ ਕੀਤੀ।’ ਅਦਾਕਾਰ ਨੇ ਕਿਹਾ ਕਿ ਬਹੁਤ ਲੋਕ ਉਸ ਤੋਂ ਇਸ ਸਰੀਰਕ ਤਬਦੀਲੀ ਪਿਛਲੇ ਸਹੀ ਤਰੀਕੇ ਬਾਰੇ ਪੁੱਛ ਰਹੇ ਸਨ, ਇਸ ਲਈ ਹੁਣ ਉਹ ਸੋਸ਼ਲ ਮੀਡੀਆ ਰਾਹੀਂ ਆਪਣੇ ਟਰੇਨਰ ਅਤੇ ਖੁਰਾਕ ਮਾਹਿਰ ਨਾਲ ਚੈਟ ਸੈਸ਼ਨ ਸ਼ੁਰੂ ਕਰਨ ਬਾਰੇ ਸੋਚ ਰਿਹਾ ਹੈ ਤਾਂ ਜੋ ਹੋਰ ਲੋਕ ਵੀ ਸਹੀ ਢੰਗ ਨਾਲ ਮਿਹਨਤ ਕਰਕੇ ਤੰਦਰੁਸਤ ਸਰੀਰ ਹਾਸਲ ਕਰ ਸਕਣ।