ਸ਼ੰਘਾਈ, 20 ਮਈ  

ਭਾਰਤ ਦੀ ਕੰਪਾਊਂਡ ਤੀਰਅੰਦਾਜ਼ੀ ਟੀਮ ਨੇ ਅੱਜ ਇੱਥੇ ਫਾਈਨਲ ਵਿੱਚ ਜਗ੍ਹਾ ਬਣਾ ਕੇ ਵਿਸ਼ਵ ਕੱਪ ਸਟੇਜ-2 ਵਿੱਚ ਪਹਿਲਾ ਤਗ਼ਮਾ ਪੱਕਾ ਕਰ ਲਿਆ ਹੈ ਜਦਕਿ ਰਿਕਰਵ ਟੀਮ ਦਾ ਨਿਰਾਸ਼ਜਨਕ ਪ੍ਰਦਰਸ਼ਨ ਜਾਰੀ ਰਿਹਾ। ਭਾਰਤ ਦੀ ਛੇਵਾਂ ਦਰਜਾ ਪ੍ਰਾਪਤ ਜੋੜੀ ਦਾ ਫਾਈਨਲ ਮੁਕਾਬਲਾ ਕੋਰੀਆ ਦੀ ਟੀਮ ਨਾਲ ਹੋਵੇਗਾ। ਪਿਛਲੇ ਮਹੀਨੇ ਅੰਤਾਲਿਆ ਵਿੱਚ ਵਿਸ਼ਵ ਕੱਪ ਸਟੇਜ-1 ਵਿੱਚ ਸੋਨ ਤਗ਼ਮਾ ਜਿੱਤਣ ਮਗਰੋਂ ਭਾਰਤੀ ਜੋੜੀ ਦੀ ਇੱਥੇ ਸਖਤ ਪ੍ਰੀਖਿਆ ਹੋਵੇਗੀ। ਓਜਸ ਦਿਓਤਲੇ ਅਤੇ ਜਯੋਤੀ ਸੁਰੇਖਾ ਵੈਨਮ ਦੀ ਜੋੜੀ ਨੇ ਸੈਮੀਫਾਈਨਲ ਵਿੱਚ ਇਟਲੀ ਦੀ ਟੀਮ ਨੂੰ 157-157 (19*-19) ਨਾਲ ਹਰਾ ਕੇ ਫਾਈਨਲ ’ਚ ਕਦਮ ਰੱਖਦਿਆਂ ਲਗਾਤਾਰ ਦੂਜੇ ਵਿਸ਼ਵ ਕੱਪ ’ਚ ਸੋਨ ਤਗ਼ਮੇ ਲਈ ਆਪਣਾ ਸਫਰ ਅੱਗੇ ਵਧਾਇਆ ਹੈ। ਭਾਰਤੀ ਟੀਮ ਦਾ ਫਾਈਨਲ ਵਿੱਚ ਸ਼ਨਿਚਰਵਾਰ ਨੂੰ ਕੋਰੀਆ ਦੀ ਟੀਮ ਦਾ ਸਾਹਮਣਾ ਕਰੇਗੀ। ਓਜਸ ਅਤੇ ਜਯੋਤੀ ਦੀ ਜੋੜੀ ਨੇ ਪ੍ਰੀ-ਕੁਆਰਟਰ ਫਾਈਨਲ ਵਿੱਚ ਬੰਗਲਾਦੇਸ਼ ਨੂੰ 158-151 ਨਾਲ ਹਰਾ ਕੇ ਸ਼ੁਰੂਆਤ ਕੀਤੀ ਅਤੇ ਅਗਲੇ ਗੇੜ ਵਿੱਚ ਤੁਰਕੀ ਦੀ ਮਜ਼ਬੂਤ ਟੀਮ ਨੂੰ 157-156 ਨਾਲ ਹਰਾਇਆ। ਓਜਸ ਅਤੇ ਜਯੋਤੀ ਖ਼ਿਲਾਫ਼ ਸੈਮੀਫਾਈਨਲ ਵਿੱਚ ਇਟਲੀ ਦੀ ਐਲਿਸਾ ਰੋਨਰ ਅਤੇ ਐਲੀਆ ਫਰੈਗਨਨ ਦੀ ਜੋੜੀ ਨੇ ਪਹਿਲੇ ਤੇ ਤੀਜੇ ਰਾਊਂਡ ਵਿੱਚ ਪਰਫੈਕਟ 40 ਸਕੋਰ ਬਣਾਉਂਦਿਆਂ (117-119) ਦੋ ਅੰਕਾਂ ਦੀ ਲੀਡ ਹਾਸਲ ਕੀਤੀ ਜਦਕਿ ਭਾਰਤੀ ਜੋੜੀ ਨੇ ਚੌਥੇ ਰਾਊਂਡ ਵਿੱਚ ਪਰਫੈਕਟ 40 ਸਕੋਰ ਹਾਸਲ ਕਰਦਿਆਂ ਮੁਕਾਬਲੇ ਨੂੰ ਸ਼ੂਟਆਫ ਤੱਕ ਖਿੱਚਿਆ ਅਤੇ ਜਿੱਤ ਹਾਸਲ ਕਰਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ।  ਹਾਲਾਂਕਿ ਰਿਕਰਵ ਵਰਗ ’ਚ ਧੀਰਜ ਬੋਮਾਦੇਵਾਰਾ ਅਤੇ ਸਿਮਰਨਜੀਤ ਕੌਰ ਦੀ ਜੋੜੀ ਉਮੀਦਾਂ ’ਤੇ ਖਰੇ ਨਾ    ਉਤਰ ਸਕੀ।