ਕਾਬੁਲ, 6 ਸਤੰਬਰ

ਅਫ਼ਗ਼ਾਨਿਸਤਾਨ ’ਤੇ ਤਾਲਿਬਾਨੀ ਲੜਾਕਿਆਂ ਦੇ ਕਬਜ਼ੇ ਮਗਰੋਂ ਦੇਸ਼ ਦੇ ਹਵਾਈ ਅੱਡਿਆਂ ’ਤੇ ਘੱਟੋ ਘੱਟੋ ਚਾਰ ਜਹਾਜ਼ ਅਜਿਹੇ ਹਨ, ਜੋ ਸੈਂਕੜੇ ਲੋਕਾਂ ਨਾਲ ਇਥੋਂ ਉਡਾਣ ਭਰਨ ਦੇ ਇੱਛੁਕ ਹਨ, ਪਰ ਉਨ੍ਹਾਂ ਨੂੰ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਉਧਰ ਇਕ ਅਫ਼ਗ਼ਾਨ ਅਧਿਕਾਰੀ ਨੇ ਉੱਤਰੀ ਸ਼ਹਿਰ ਮਜ਼ਾਰ-ਏ-ਸ਼ਰੀਫ਼ ਦੇ ਹਵਾਈ ਅੱਡੇ ’ਤੇ ਕਿਹਾ ਕਿ ਜਹਾਜ਼ ਵਿੱਚ ਸਵਾਰ ਅਫ਼ਗ਼ਾਨ ਲੋਕਾਂ ਵਿੱਚੋਂ ਬਹੁਤਿਆਂ ਕੋਲ ਪਾਸਪੋਰਟ ਤੇ ਵੀਜ਼ੇ ਨਹੀਂ ਹਨ, ਜਿਸ ਕਰਕੇ ਉਹ ਦੇਸ਼ ਵਿੱਚੋਂ ਬਾਹਰ ਨਹੀਂ ਨਿਕਲ ਪਾ ਰਹੇ ਹਨ। ਹਾਲਾਂਕਿ ਅਮਰੀਕਾ ਵਿੱਚ ਸੰਸਦ ਦੀ ਵਿਦੇਸ਼ ਮਾਮਲਿਆਂ ਬਾਰੇ ਕਮੇਟੀ ਦੇ ਇਕ ਸਿਖਰਲੇ ਰਿਪਬਲਿਕਨ ਮੈਂਬਰ ਨੇ ਕਿਹਾ ਕਿ ਇਨ੍ਹਾਂ ਲੋਕਾਂ ਵਿੱਚ ਕੁਝ ਅਮਰੀਕੀ ਵੀ ਸ਼ਾਮਲ ਹਨ, ਜੋ ਜਹਾਜ਼ਾਂ ਵਿੱਚ ਬੈਠੇ ਹਨ, ਪਰ ਤਾਲਿਬਾਨ ਉਨ੍ਹਾਂ ਨੂੰ ਉਡਾਣ ਭਰਨ ਤੋਂ ਰੋਕ ਰਿਹਾ ਹੈ ਤੇ ਉਨ੍ਹਾਂ ਨੂੰ ‘ਬੰਧਕ’ ਬਣਾਇਆ ਹੋਇਆ ਹੈ। ਅਧਿਕਾਰੀ ਨੇ ਹਾਲਾਂਕਿ ਇਹ ਨਹੀਂ ਦੱਸਿਆ ਕਿ ਉਨ੍ਹਾਂ ਕੋਲ ਇਹ ਸੂਚਨਾ ਕਿੱਥੋਂ ਆਈ ਹੈ ਤੇ ਨਾ ਹੀ ਇਸ ਦੀ ਕੋਈ ਅਧਿਕਾਰਤ ਪੁਸ਼ਟੀ ਹੋਈ ਹੈ।