ਵਾਸ਼ਿੰਗਟਨ, 16 ਅਗਸਤ

ਅਮਰੀਕੀ ਰੱਖਿਆ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਕੇਂਦਰੀ ਕਮਾਨ ਦੇ ਮੁਖੀ ਨੇ ਸੀਨੀਅਰ ਤਾਲਿਬਾਨੀ ਨੇਤਾਵਾਂ ਨਾਲ ਆਹਮੋ ਸਾਹਮਣੇ ਮੀਟਿੰਗ ਕਰਕੇ ਉਨ੍ਹਾਂ ਨੂੰ ਕਿਹਾ ਹੈ ਕਿ ਅਫਗਾਨਿਸਤਾਨ ਦੇ ਕਾਬੁਲ ਹਵਾਈ ਅੱਡੇ ਤੋਂ ਅਮਰੀਕੀ ਫੌਜ ਵੱਲੋਂ ਲੋਕਾਂ ਨੂੰ ਕੱਢਣ ਲਈ ਚਲਾਈ ਜਾ ਰਹੀ ਮੁਹਿੰਮ ਵਿੱਚ ਉਹ ਅੜਿੱਕਾ ਨਾ ਪਾਵੇ। ਅਧਿਕਾਰੀ ਨੇ ਕਿਹਾ ਕਿ ਐਤਵਾਰ ਨੂੰ ਕਤਰ ਦੀ ਰਾਜਧਾਨੀ ਦੋਹਾ ਵਿੱਚ ਹੋਈ ਮੀਟਿੰਗ ਵਿੱਚ ਜਨਰਲ ਫਰੈਂਕ ਮੈਕਕੇਂਜੀ ਤਾਲਿਬਾਨ ਤੋਂ ਇਹ ਭਰੋਸਾ ਲੈਣ ਵਿੱਚ ਸਫਲ ਰਹੇ ਕਿ ਹਵਾਈ ਅੱਡੇ ਤੋਂ ਲੋਕਾਂ ਨੂੰ ਕੱਢਣ ਲਈ ਚਲਾਈ ਜਾ ਰਹੀ ਮੁਹਿੰਮ ਜਾਰੀ ਰਹੇਗੀ ਅਤੇ ਤਾਲਿਬਾਨ ਇਸ ਵਿਚ ਅੜਿੱਕਾ ਨਹੀਂ ਪਾਏਗਾ। ਉਨ੍ਹਾਂ ਕਿਹਾ ਕਿ ਮੈਕਕੇਂਜੀ ਨੇ ਤਾਲਿਬਾਨ ਆਗੂਆਂ ਨੂੰ ਕਿਹਾ ਕਿ ਅਫਗਾਨਿਸਤਾਨ ਦੇ ਨਵੇਂ ਸ਼ਾਸਕ ਕਾਬੁਲ ਹਵਾਈ ਅੱਡੇ ’ਤੇ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਅਮਰੀਕਾ ਵੱਲੋਂ ਚਲਾਈ ਜਾ ਰਹੀ ਮੁਹਿੰਮ ਵਿੱਚ ਅੜਿੱਕਾ ਨਾ ਪਾਉਣ, ਨਹੀਂ ਤਾਂ ਲੋੜ ਪੈਣ ’ਤੇ ਅਮਰੀਕੀ ਫੌਜ ਸਖ਼ਤ ਕਾਰਵਾਈ ਕਰੇਗੀ।