ਯੋਕੋਸੁਕਾ, 29 ਸਤੰਬਰ

ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਦੋਸ਼ ਲਾਇਆ ਹੈ ਕਿ ਤਾਇਵਾਨ ਦੁਆਲੇ ਚੀਨ ਦਾ ਰਵੱਈਆ ‘ਪ੍ਰੇਸ਼ਾਨੀ ’ਚ ਪਾਉਣ ਵਾਲਾ ਤੇ ਭੜਕਾਊ’ ਹੈ। ਹੈਰਿਸ ਨੇ ਕਿਹਾ ਕਿ ਅਮਰੀਕਾ ਤਾਇਵਾਨ ਨਾਲ ਆਪਣੇ ਸਬੰਧ ਮਜ਼ਬੂਤ ਕਰੇਗਾ। ਜ਼ਿਕਰਯੋਗ ਹੈ ਕਿ ਤਾਇਵਾਨ ਉਤੇ ਚੀਨ ਆਪਣਾ ਦਾਅਵਾ ਜਤਾਉਂਦਾ ਹੈ। ਕਮਲਾ ਹੈਰਿਸ ਨੇ ਅੱਜ ਇੱਥੇ ਇਕ ਜਲ ਸੈਨਾ ਬੇਸ ਦਾ ਦੌਰਾ ਵੀ ਕੀਤਾ। ਹੈਰਿਸ ਨੇ ਕਿਹਾ ਕਿ ਅਮਰੀਕਾ ਏਸ਼ੀਆ ਵਿਚ ਇਕ ਸਾਂਝਾ ਮੋਰਚਾ ਚਾਹੁੰਦਾ ਹੈ। ਉਪ ਰਾਸ਼ਟਰਪਤੀ ਨੇ ਕਿਹਾ ਕਿ ਚੀਨ ਏਸ਼ੀਆ ਵਿਚ ਕਈ ਕਮਜ਼ੋਰ ਗੱਠਜੋੜਾਂ ਦਾ ਫਾਇਦਾ ਉਠਾ ਰਿਹਾ ਹੈ ਜਿਨ੍ਹਾਂ ਵਿਚ ਜਾਪਾਨ ਤੇ ਦੱਖਣੀ ਕੋਰੀਆ ਦੇ ਕਮਜ਼ੋਰ ਰਿਸ਼ਤੇ ਵੀ ਸ਼ਾਮਲ ਹਨ। ਦੱਸਣਯੋਗ ਹੈ ਕਿ ਜਾਪਾਨ ਨੇ ਕੋਰਿਆਈ ਖੇਤਰ ਉਤੇ ਕਬਜ਼ਾ ਕਰ ਕੇ ਵੱਡੀ ਗਿਣਤੀ ਲੋਕਾਂ ਨੂੰ ਬੰਧੂਆ ਮਜ਼ਦੂਰੀ ਵੱਲ ਧੱਕ ਦਿੱਤਾ ਸੀ ਤੇ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਵੀ ਕੀਤਾ ਸੀ। ਦੂਜੀ ਵਿਸ਼ਵ ਜੰਗ ਦੇ ਸਮੇਂ ਤੋਂ ਹੀ ਦੋਵਾਂ ਮੁਲਕਾਂ ਦੇ ਰਿਸ਼ਤਿਆਂ ’ਚ ਤਣਾਅ ਹੈ। ਹਾਲਾਂਕਿ ਦੋਵੇਂ ਮੁਲਕ ਰਿਸ਼ਤਿਆਂ ਨੂੰ ਸੁਧਾਰਨ ਦੀ ਕੋਸ਼ਿਸ਼ ਵੀ ਕਰ ਰਹੇ ਹਨ।