ਮੁੰਬਈ:ਬੌਲੀਵੁੱਡ ਅਦਾਕਾਰਾ ਮਾਨੁਸ਼ੀ ਛਿੱਲਰ ਆਪਣੀ ਆਉਣ ਵਾਲੀ ਫ਼ਿਲਮ ‘ਤਹਿਰਾਨ’ ਵਿੱਚ ਅਦਾਕਾਰ ਜੌਹਨ ਅਬਰਾਹਮ ਨਾਲ ਨਜ਼ਰ ਆਵੇਗੀ। ਇਹ ਐਲਾਨ ਅੱਜ ਫ਼ਿਲਮ ਦੇ ਨਿਰਮਾਤਾਵਾਂ ਨੇ ਕੀਤਾ ਹੈ। ਇਹ ਫ਼ਿਲਮ ਸੱਚੀਆਂ ਘਟਨਾਵਾਂ ’ਤੇ ਆਧਾਰਿਤ ਹੈ, ਜੋ ਦਿਨੇਸ਼ ਵਿਜਨ ਦੀ ਮੈਡੌਕ ਫਿਲਮਜ਼ ਦੁਆਰਾ ਪ੍ਰੋਡਿਊਸ ਕੀਤੀ ਜਾ ਰਹੀ ਹੈ। ਫ਼ਿਲਮ ਦੀ ਸ਼ੂਟਿੰਗ ਲਈ ਮਾਨੁਸ਼ੀ ਸਬੰਧਤ ਥਾਂ ’ਤੇ ਜੌਹਨ ਅਬਰਾਹਮ ਤੇ ਹੋਰ ਅਮਲੇ ਕੋਲ ਪੁੱਜ ਗਈ ਹੈ। ਫ਼ਿਲਮ ਦੇ ਪ੍ਰੋਡਕਸ਼ਨ ਬੈਨਰ ਨੇ ਟਵਿੱਟਰ ’ਤੇ ਫ਼ਿਲਮ ਦੇ ਅਦਾਕਾਰਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਵਿੱਚ ਮਾਨੁਸ਼ੀ ਛਿੱਲਰ ਤੇ ਜੌਹਨ ਅਬਰਾਹਮ ਨੇ ਹੱਥਾਂ ’ਚ ਪਿਸਤੌਲ ਫੜੀ ਖੜ੍ਹੇ ਨਜ਼ਰ ਆ ਰਹੇ ਹਨ। ਮੈਡੌਕ ਫਿਲਮਜ਼ ਨੇ ਆਖਿਆ,‘‘ਸਾਡਾ ‘ਤਹਿਰਾਨ’ ਪਰਿਵਾਰ ਵੱਡਾ ਤੇ ਬਿਹਤਰੀਨ ਹੋ ਗਿਆ ਹੈ। ਅਸੀਂ ਹੋਣਹਾਰ ਤੇ ਖੂਬਸੂਰਤ ਅਦਾਕਾਰਾ ਮਾਨੁਸ਼ੀ ਛਿੱਲਰ ਦਾ ਟੀਮ ’ਚ ਸਵਾਗਤ ਕਰਦੇ ਹਾਂ।’’ ਅਕਸ਼ੈ ਕੁਮਾਰ ਦੀ ਫ਼ਿਲਮ ‘ਸਮਰਾਟ ਪ੍ਰਿਥਵੀਰਾਜ’ ਰਾਹੀਂ ਸਿਨੇ ਜਗਤ ਵਿੱਚ ਪੈਰ ਧਰਨ ਵਾਲੀ ਸਾਬਕਾ ਵਿਸ਼ਵ ਸੁੰਦਰੀ ਨੇ ਆਖਿਆ ਕਿ ਉਹ ‘ਤਹਿਰਾਨ’ ਫ਼ਿਲਮ ਦਾ ਹਿੱਸਾ ਬਣ ਕੇ ਬਹੁਤ ਖੁਸ਼ ਹੈ।25 ਸਾਲਾ ਅਦਾਕਾਰਾ ਨੇ ਆਖਿਆ,‘‘ਉਹ ‘ਤਹਿਰਾਨ’ ਵਿੱਚ ਜੌਹਨ ਅਬਰਾਹਮ ਨਾਲ ਕੰਮ ਕਰਨ ਲਈ ਬਹੁਤ ਜ਼ਿਆਦਾ ਉਤਾਵਲੀ ਹੈ। ਇਹ ਸਫ਼ਰ ਬਹੁਤ ਹੀ ਮਹੱਤਵਪੂਰਨ ਹੋਵੇਗਾ।’’ ਦੱਸਣਯੋਗ ਹੈ ਕਿ ‘ਤਹਿਰਾਨ’ ਫ਼ਿਲਮ ਦੀ ਕਹਾਣੀ ਰਿਤੇਸ਼ ਸ਼ਾਹ ਤੇ ਅਸ਼ੀਸ਼ ਪ੍ਰਕਾਸ਼ ਨੇ ਲਿਖੀ ਹੈ।