ਹੈਦਰਾਬਾਦ:ਸੁਕੁਮਾਰ ਵੱਲੋਂ ਨਿਰਦੇਸ਼ਿਤ ਫਿਲਮ ‘ਪੁਸ਼ਪਾ: ਦਿ ਰਾਈਜ਼’ ਦੇ ਅਗਲੇ ਭਾਗ ਦੀ ਸ਼ੂਟਿੰਗ ਤੋਂ ਪਹਿਲਾਂ ਤੇਲਗੂ ਅਦਾਕਾਰ ਅੱਲੂ ਅਰਜੁਨ ਤਨਜ਼ਾਨੀਆ ਵਿੱਚ ਆਪਣੇ ਪਰਿਵਾਰ ਨਾਲ ਛੁੱਟੀਆਂ ਦਾ ਆਨੰਦ ਮਾਣ ਰਿਹਾ ਹੈ। ਫ਼ਿਲਮ ਦੀ ਸ਼ੂਟਿੰਗ ਅਗਸਤ ਜਾਂ ਸਤੰਬਰ ਮਹੀਨੇ ਸ਼ੁਰੂ ਹੋਵੇਗੀ। ਉਸ ਦੀ ਪਤਨੀ ਅੱਲੂ ਸਨੇਹਾ ਨੇ ਆਪਣੇ ਇੰਸਟਾਗ੍ਰਾਮ ’ਤੇ ਸੈਰੇਂਗੇਟੀ ਨੈਸ਼ਨਲ ਪਾਰਕ ਵਿੱਚ ਪਰਿਵਾਰ ਦੀ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿੱਚ ਅੱਲੂ ਅਰਜੁਨ ਆਪਣੀ ਪਤਨੀ ਸਨੇਹਾ, ਪੁੱਤਰ ਅੱਲੂ ਅਯਾਨ ਤੇ ਧੀ ਅੱਲੂ ਅਰਹਾ ਨਾਲ ਖੜ੍ਹਾ ਦਿਖਾਈ ਦੇ ਰਿਹਾ ਹੈ। ਅੱਲੂ ਪਰਿਵਾਰ ਦੀ ਇਹ ਤਸਵੀਰ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ। ਜਾਣਕਾਰੀ ਅਨੁਸਾਰ ‘ਪੁਸ਼ਪਾ: ਦਿ ਰੂਲ’ ਦੀ ਸਕ੍ਰਿਪਟ ਮੁਕੰਮਲ ਹੋ ਚੁੱਕੀ ਹੈ ਅਤੇ ਕਿਆਸ ਲਾਏ ਜਾ ਰਹੇ ਹਨ ਕਿ ਅੱਲੂ ਅਰਜੁਨ ਹੈਦਰਾਬਾਦ ਪਰਤ ਕੇ ਛੇਤੀ ਫ਼ਿਲਮ ਦੀ ਸ਼ੂਟਿੰਗ ਦੀ ਤਿਆਰੀ ਸ਼ੁਰੂ ਕਰ ਦੇਵੇਗਾ। ‘ਪੁਸ਼ਪਾ: ਦਿ ਰਾਈਜ਼’ ਵਿੱਚ ਅੱਲੂ ਅਰਜੁਨ ਨੇ ਚੰਦਨ ਦੀ ਲੱਕੜ ਦੀ ਤਸਕਰੀ ਕਰਨ ਵਾਲੇ ਇਕ ਅਜਿਹੇ ਵਿਕਅਤੀ ਦੀ ਭੂਮਿਕਾ ਨਿਭਾਈ ਸੀ ਜੋ ਬਾਅਦ ਵਿਚ ਲੱਕੜ ਦੀ ਤਸਕਰੀ ਕਰਨ ਵਾਲੇ ਸਿੰਡੀਕੇਟ ਦਾ ਬੌਸ ਬਣਦਾ ਹੈ। ਫ਼ਿਲਮ ਦੇ ਇਸ ਭਾਗ ਵਿੱਚ ਉਹ ਬੌਸ ਵਜੋਂ ਨਜ਼ਰ ਆਵੇਗਾ, ਜਿਸ ਦਾ ਪੂਰਾ ਦਬਦਬਾ ਹੁੰਦਾ ਹੈ।