ਕਿਊਬਿਕ, 22 ਮਾਰਚ  : ਕੈਨੇਡਾ ਦੀ ਦੂਜੀ ਸੱਭ ਤੋਂ ਵੱਡੀ ਬੰਦਰਗਾਹ ਉੱਤੇ ਕੰਮ ਕਰਨ ਵਾਲੇ ਡੌਕਵਰਕਰਜ਼ ਨੇ ਮੈਨੇਜਮੈਂਟ ਦੀ ਪੇਸ਼ਕਸ਼ ਨੂੰ ਠੁਕਰਾਅ ਦਿੱਤਾ। ਇਸ ਨਾਲ ਇੰਡਸਟਰੀ ਵਿੱਚ ਹੁਣ ਨਵੀਂ ਹੜਤਾਲ ਦਾ ਡਰ ਪੈਦਾ ਹੋ ਗਿਆ ਹੈ। ਇਹ ਜਾਣਕਾਰੀ ਯੂਨੀਅਨ ਦੀ ਨੁਮਾਇੰਦਗੀ ਕਰਨ ਵਾਲੇ ਆਗੂ ਨੇ ਦਿੱਤੀ।
ਕਿਊਬਿਕ ਵਿੱਚ ਡੌਕਵਰਕਰਜ਼ ਦੀ ਨੁਮਾਇੰਦਗੀ ਕਰਨ ਵਾਲੀ ਕੈਨੇਡੀਅਨ ਯੂਨੀਅਨ ਆਫ ਪਬਲਿਕ ਇੰਪਲੌਈਜ਼ ਦੀ ਤਰਜ਼ਮਾਨ ਨੇ ਆਖਿਆ ਕਿ ਵਰਕਰਜ਼ ਮੁੜ ਗੱਲਬਾਤ ਲਈ ਰਾਜ਼ੀ ਹਨ। ਤਰਜ਼ਮਾਨ ਨੇ ਇਹ ਵੀ ਆਖਿਆ ਕਿ 99·71 ਫੀ ਸਦੀ ਯੂਨੀਅਨ ਵਰਕਰਜ਼ ਵੱਲੋਂ ਮੈਨੇਜਮੈਂਟ ਦੀ ਇਹ ਪੇਸ਼ਕਸ਼ ਠੁਕਰਾਈ ਗਈ। 2018 ਵਿੱਚ ਸਮਝੌ਼ਤਾ ਖ਼ਤਮ ਹੋਣ ਤੋਂ ਬਾਅਦ ਸੀ ਯੂ ਪੀ ਈ (CUPE) ਪੋਰਟ ਆਫ ਮਾਂਟਰੀਅਲ ਉੱਤੇ ਕੰਮ ਕਰਨ ਵਾਲੇ 1,125 ਲਾਂਗਸ਼ੋਰ ਵਰਕਰਜ਼ ਲਈ ਮੈਰੀਟਾਈਮ ਇੰਪਲੌਇਰਜ਼ ਐਸੋਸਿਏਸ਼ਨ ਨਾਲ ਗੱਲਬਾਤ ਕਰ ਰਹੀ ਹੈ।
ਐਤਵਾਰ ਨੂੰ ਦੋਵਾਂ ਧਿਰਾਂ ਦਰਮਿਆਨ ਸੱਤ ਮਹੀਨੇ ਪਹਿਲਾਂ ਹੋਇਆ ਸਮਝੌਤਾ ਮੁੱਕ ਗਿਆ। ਅਜੇ ਵਰਕਰਜ਼ ਰਸਮੀ ਤੌਰ ਉੱਤੇ ਹੜਤਾਲ ਉੱਤੇ ਨਹੀਂ ਗਏ ਹਨ। ਸੀ ਯੂ ਪੀ ਈ ਦਾ ਕਹਿਣਾ ਹੈ ਕਿ ਗੱਲਬਾਤ ਵਿੱਚ ਕੰਮ ਦੇ ਸ਼ਡਿਊਲ ਦਾ ਮੁੱਦਾ ਮੁੱਖ ਹੈ। ਮਾਂਟਰੀਅਲ ਪੋਰਟ ਅਥਾਰਟੀ ਨੇ ਪਿੱਛੇ ਜਿਹੇ ਦਿੱਤੇ ਇੱਕ ਬਿਆਨ ਵਿੱਚ ਦੱਸਿਆ ਕਿ 2020 ਦੀਆਂ ਗਰਮੀਆਂ ਵਿੱਚ ਵਰਕਰਜ਼ ਵੱਲੋਂ 19 ਦਿਨਾਂ ਲਈ ਰੋਕੇ ਗਏ ਕੰਮ ਨਾਲ ਦੋ ਮਹੀਨਿਆਂ ਦੇ ਅਰਸੇ ਵਿੱਚ ਹੀ ਹੋਲਸੇਲਰਜ਼ ਨੂੰ 600 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ ਸੀ।