ਓਡੇਂਸੇ:ਦੋ ਓਲੰਪਿਕ ਤਗ਼ਮੇ ਜੇਤੂ ਅਤੇ ਮੌਜੂਦਾ ਵਿਸ਼ਵ ਚੈਂਪੀਅਨ ਪੀਵੀ ਸਿੰਧੂ ਮੰਗਲਵਾਰ ਤੋਂ ਸ਼ੁਰੂ ਹੋ ਰਹੇ ਡੈਨਮਾਰਕ ਓਪਨ ਵਿਸ਼ਵ ਟੂਰ ਸੁਪਰ 1000 ਬੈਡਮਿੰਟਨ ਟੂਰਨਾਮੈਂਟ ਰਾਹੀਂ ਕੁੱਝ ਸਮੇਂ ਦੇ ਆਰਾਮ ਮਗਰੋਂ ਕੋਰਟ ’ਤੇ ਵਾਪਸੀ ਕਰੇਗੀ। ਉਸ ਦਾ ਟੀਚਾ ਜਿੱਤ ਨਾਲ ਸ਼ੁਰੂਆਤ ਕਰਨ ਦਾ ਹੋਵੇਗਾ। ਟੋਕੀਓ ਓਲੰਪਿਕ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਮਗਰੋਂ ਸਿੰਧੂ ਨੇ ਬਰੇਕ ਲੈ ਲਿਆ ਸੀ। ਲੰਡਨ ਓਲੰਪਿਕ ਤਗ਼ਮਾ ਜੇਤੂ ਸਾਇਨਾ ਨੇਹਵਾਲ ਵੀ ਸੱਟ ਠੀਕ ਹੋਣ ਮਗਰੋਂ ਵਾਪਸੀ ਕਰੇਗੀ। ਚੌਥਾ ਦਰਜਾ ਪ੍ਰਾਪਤ ਸਿੰਧੂ ਦਾ ਸਾਹਮਣਾ ਪਹਿਲੇ ਮੈਚ ਵਿੱਚ ਤੁਰਕੀ ਦੀ ਨੇਸਲਿਹਾਨ ਯਿਜਿਟ ਨਾਲ ਹੋਵੇਗਾ, ਜਦਕਿ ਸਾਇਨਾ ਜਾਪਾਨ ਦੀ ਆਯਾ ਓਹੋਰੀ ਨਾਲ ਭਿੜੇਗੀ। ਚਿਰਾਗ ਸ਼ੈਟੀ ਅਤੇ ਸਾਤਵਿਕਸਾਈਰਾਜ ਰੰਕੀਰੈਡੀ ’ਤੇ ਵੀ ਸਾਰਿਆਂ ਦੀਆਂ ਨਜ਼ਰਾਂ ਹੋਣਗੀਆਂ। ਦੋਵਾਂ ਨੇ ਡੈਨਮਾਰਕ ਵਿੱਚ ਥਾਮਸ ਕੱਪ ਫਾਈਨਲ ਵਿੱਚ ਚਾਰ ਮੈਚ ਜਿੱਤੇ ਸਨ। ਪੁਰਸ਼ ਸਿੰਗਲਜ਼ ਵਿੱਚ ਲਕਸ਼ੈ ਸੈਨ ਦੀ ਪਹਿਲੇ ਗੇੜ ਵਿੱਚ ਟੱਕਰ ਹਮਵਤਨ ਸੌਰਭ ਵਰਮਾ ਨਾਲ ਹੋਵੇਗੀ। ਸਮੀਰ ਵਰਗਾ ਪਹਿਲੇ ਗੇੜ ਵਿੱਚ ਥਾਈਲੈਂਡ ਦੇ ਖਿਡਾਰੀ ਖਿਲਾਫ਼ ਉਤਰੇਗਾ, ਜਦਕਿ ਐੱਚ ਐੱਸ ਪ੍ਰਣਯ ਦੀ ਟੱਕਰ ਇੰਡੋਨੇਸ਼ੀਆ ਦੇ ਜੋਨਾਥਨ ਕ੍ਰਿਸਟੀ ਨਾਲ ਹੋਵੇਗੀ।