ਹਿੱਲਰੋਡ (ਡੈਨਮਾਰਕ):ਵਿਸ਼ਵ ਦੇ ਨੌਵੇਂ ਨੰਬਰ ਦੇ ਖਿਡਾਰੀ ਹੋਲਗਰ ਰੂਨੇ ਨਾਲ ਮੁਕਾਬਲਾ ਕਰਨਾ ਭਾਰਤੀ ਖਿਡਾਰੀ ਯੂਕੀ ਭਾਂਬਰੀ ਲਈ ਮੁਸ਼ਕਿਲ ਭਰਿਆ ਰਿਹਾ ਅਤੇ ਅੱਜ ਇੱਥੇ ਡੇਵਿਸ ਕੱਪ ਵਿਸ਼ਵ ਗਰੁੱਪ-1 ਪਲੇਅ-ਆਫ ਮੁਕਾਬਲੇ ਵਿੱਚ ਡੈਨਮਾਰਕ ਦੇ ਚੋਟੀ ਦੇ ਖਿਡਾਰੀ ਰੂਨੇ ਨੇ ਯੂਕੀ ’ਤੇ ਜਿੱਤ ਪ੍ਰਾਪਤ ਕੀਤੀ। ਇਸ ਜਿੱਤ ਨਾਲ ਮੇਜ਼ਬਾਨ ਦੇਸ਼ 1-0 ਨਾਲ ਅੱਗੇ ਹੋ ਗਿਆ। ਇਸ ਚੋਟੀ ਦੇ ਖਿਡਾਰੀ ਖ਼ਿਲਾਫ ਯੂਕੀ ਨੂੰ ਵਿਸ਼ੇਸ਼ ਕੋਸ਼ਿਸ਼ ਦੀ ਲੋੜ ਸੀ ਪਰ ਉਹ ਸ਼ੁਰੂਆਤੀ ਸਿੰਗਲਜ਼ ਮੈਚ ਵਿੱਚ 58 ਮਿੰਟਾਂ ਵਿੱਚ 2-6, 2-6 ਨਾਲ ਹਾਰ ਗਿਆ।

19 ਸਾਲਾ ਰੂਨੇ ਨੇ ਹਰੇਕ ਸੈੱਟ ਵਿੱਚ ਦੋ ਵਾਰ ਯੂਕੀ ਦੀ ਸਰਵਿਸ ਤੋੜੀ। ਰੂਨੇ ਨੇ ਸੱਤ ਵਿੱਚੋਂ ਚਾਰ ਬਰੇਕ ਪੁਆਇੰਟ ਨੂੰ ਅੰਕ ਵਿੱਚ ਤਬਦੀਲ ਕੀਤਾ ਜਦਕਿ ਭਾਰਤੀ ਖਿਡਾਰੀ ਨੂੰ ਆਪਣੇ ਵਿਰੋਧੀ ਨੂੰ ਬਰੇਕ ਕਰਨ ਦਾ ਇਕ ਵੀ ਮੌਕਾ ਨਹੀਂ ਮਿਲਿਆ।

ਰੂਨੇ ਨੇ ਬਿਹਤਰੀਨ ਖੇਡ ਦਿਖਾਇਆ ਜਦਕਿ ਯੂਕੀ ਆਪਣੀ ਪਹਿਲੀ ਸਰਵਿਸ ’ਤੇ ਜੂਝਦਾ ਦਿਖਿਆ ਅਤੇ ਇਕ ਪਾਸੜ ਮੁਕਾਬਲੇ ਵਿੱਚ ਚਾਰ ਵਾਰ ਡਬਲ ਫਾਲਟ ਕਰ ਬੈਠਾ ਜੋ ਕਿ ਇਨਡੋਰ ਹਾਰਡ ਕੋਰਟ ’ਤੇ ਖੇਡਿਆ ਗਿਆ। ਯੂਕੀ ਏਟੀਪੀ ਟੂਰ ’ਤੇ ਸਿੰਗਲਜ਼ ਛੱਡ ਚੁੱਕਿਆ ਹੈ।

ਭਾਰਤ ਦੇ ਨੰਬਰ ਇਕ ਖਿਡਾਰੀ ਸੁਮਿਤ ਨਾਗਲ ਨੂੰ ਆਪਣੀ ਟੀਮ ਨੂੰ ਦੌੜ ਵਿੱਚ ਕਾਇਮ ਰੱਖਣ ਲਈ ਦੂਜੇ ਸਿੰਗਲਜ਼ ਵਿੱਚ ਏ ਹੋਲਮਗਰੇਨ ਖ਼ਿਲਾਫ਼ ਜਿੱਤ ਹਾਸਲ ਕਰਨੀ ਹੋਵੇਗੀ। ਜੇਕਰ ਭਾਰਤ ਇਹ ਮੁਕਾਬਲਾ ਹਾਰ ਜਾਂਦਾ ਹੈ ਤਾਂ ਉਹ ਵਿਸ਼ਵ ਗਰੁੱਪ-2 ਵਿੱਚ ਰੈਲੀਗੇਟ ਹੋ ਜਾਵੇਗਾ।