ਮੁੰਬਈ:ਬੌਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਆਖਿਆ ਕਿ ਉਸ ਦੀ ਅਗਲੀ ਫਿਲਮ ‘ਡਾਰਲਿੰਗਜ਼’ ਸਟ੍ਰੀਮਿੰਗ ਪਲੈਟਫਾਰਮ ਨੈੱਟਫਲਿਕਸ ’ਤੇ ਰਿਲੀਜ਼ ਕੀਤੀ ਜਾਵੇਗੀ। ਬਤੌਰ ਨਿਰਮਾਤਾ ਇਹ ਆਲੀਆ ਦੀ ਪਹਿਲੀ ਫ਼ਿਲਮ ਹੈ। 29 ਸਾਲਾ ਅਦਾਕਾਰਾ ਸ਼ਾਹਰੁਖ ਖਾਨ ਦੀ ਰੈੱਡ ਚਿਲੀਜ਼ ਐਂਟਰਟੇਨਮੈਂਟ ਦੇ ਸਹਿਯੋਗ ਨਾਲ, ਆਪਣੇ ਬੈਨਰ ਐਟਰਨਲ ਸਨਸ਼ਾਈਨ ਪ੍ਰੋਡਕਸ਼ਨ ਦੁਆਰਾ ਫ਼ਿਲਮ ਦਾ ਨਿਰਮਾਣ ਕਰ ਰਹੀ ਹੈ। ਉਸ ਨੇ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਪਾ ਕੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਇਸ ਵਿੱਚ ਆਲੀਆ ਨਾਲ ਸ਼ੈਫਾਲੀ ਸ਼ਾਹ, ਵਿਜੈ ਵਰਮਾ ਅਤੇ ਰੋਸ਼ਨ ਵੀ ਹਨ। ‘ਡਾਰਲਿੰਗਜ਼’ ਇੱਕ ਕਾਮੇਡੀ ਫ਼ਿਲਮ ਹੈ। ਲੇਖਕ ਜਸਮੀਤ ਕੇ. ਰੀਨ ਇਸ ਫਿਲਮ ਰਾਹੀਂ ਆਪਣੇ ਨਿਰਦੇਸ਼ਨ ਦੇ ਕਰੀਅਰ ਦੀ ਸ਼ੁਰੂਆਤ ਕਰੇਗੀ। ਇਸ ਵਿੱਚ ਰੂੜ੍ਹੀਵਾਦੀ ਸੋਚ ਵਾਲੇ ਮੱਧ ਵਰਗੀ ਸ਼੍ਰੇਣੀ ਦੇ ਆਂਢ-ਗੁਆਂਢ ਨੂੰ ਦਿਖਾਇਆ ਗਿਆ ਹੈ। ਇਹ ਇੱਕ ਮਾਂ-ਧੀ ਦੇ ਜੀਵਨ ਦੀ ਕਹਾਣੀ ਹੈ ਜਿਹੜੀਆਂ ਹਾਲਾਤ ਨਾਲ ਜੂਝਦੀਆਂ ਹੋਈਆਂ ਸ਼ਹਿਰ ਵਿੱਚ ਆਪਣੀ ਥਾਂ ਬਣਾਉਣ ਦੀ ਕੋਸ਼ਿਸ਼ ਕਰਦੀਆਂ ਹਨ। ਆਲੀਆ ਅਤੇ ਨੈੱਟਫਲਿਕਸ ਵੱਲੋਂ ਅਜੇ ਫਿਲਮ ਦੀ ਰਿਲੀਜ਼ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ ਹੈ। ਆਲੀਆ ਨੇ ਕਿਹਾ,‘‘ ਡਾਰਲਿੰਗਜ਼ ਦਾ ਮੇਰੇ ਦਿਲ ਵਿੱਚ ਇੱਕ ਵਿਸ਼ੇਸ਼ ਸਥਾਨ ਹੈ। ਨਿਰਮਾਤਾ ਵਜੋਂ ਇਹ ਮੇਰੀ ਪਹਿਲੀ ਫਿਲਮ ਹੈ, ਉਹ ਵੀ ਰੈੱਡ ਚਿਲੀਜ਼ ਨਾਲ। ਸਾਨੂੰ ਮਾਣ ਅਤੇ ਆਸ ਹੈ ਕਿ ਇਹ ਫਿਲਮ ਦੁਨੀਆ ਭਰ ਦੇ ਦਰਸ਼ਕਾਂ ਦਾ ਮਨੋਰੰਜਨ ਕਰੇਗੀ’’।