ਮੁੰਬਈ— ਹੈਦਰਾਬਾਦ ਡਰੱਗ ਰੈਕੇਟ ਦੀ ਜਾਂਚ ਕਰ ਰਹੀ ਤੇਲੰਗਾਨਾ ਦੇ ਆਬਕਾਰੀ ਵਿਭਾਗ ਦੀ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਨੇ ਬੁੱਧਵਾਰ ਨੂੰ ਅਭਿਨੇਤਰੀ ਚਾਰਮੀ ਕੌਰ ਤੋਂ ਪੁੱਛਗਿੱਛ ਕੀਤੀ। ਚਾਰਮੀ ਸਵੇਰੇ ਲਗਭਗ 10 ਵਜੇ ਆਪਣੇ ਵਕੀਲ ਤੇ ਬਾਊਂਸਰਾਂ ਨਾਲ ਤੇਲੰਗਾਨਾ ਦੇ ਨਸ਼ਾਬੰਦੀ ਤੇ ਆਬਕਾਰੀ ਵਿਭਾਗ ‘ਆਬਕਾਰੀ ਭਵਨ’ ਪਹੁੰਚੀ। ਚਾਰਮੀ, ਪੁਰੀ ਜਗਨਾਥ ਦੀ ਫਿਲਮ ‘ਪੈਸਾ ਵਸੂਲ’ ਦੇ ਸੈੱਟ ਤੋਂ ਸਿੱਧੀ ਐੱਸ. ਆਈ. ਟੀ. ਦੇ ਸਾਹਮਣੇ ਪੇਸ਼ ਹੋਈ। ਪਿਛਲੇ ਹਫਤੇ ਇਸ ਮਾਮਲੇ ‘ਚ ਪੁਰੀ ਤੋਂ ਵੀ ਪੁੱਛਗਿੱਛ ਕੀਤੀ ਗਈ ਸੀ।
ਮਹਿਲਾ ਅਧਿਕਾਰੀਆਂ ਦੀ ਇਕ 4 ਮੈਂਬਰੀ ਟੀਮ ਨੇ ਅਭਿਨੇਤਰੀ ਤੋਂ ਰੈਕੇਟ ਦੇ ਸਰਗਨੇ ਕੈਲਵਿਨ ਮਾਸਕ੍ਰੇਨਹਾਸ ਨਾਲ ਉਸ ਦੇ ਕਥਿਤ ਸਬੰਧ ਨੂੰ ਲੈ ਕੇ ਪੁੱਛਗਿੱਛ ਕੀਤੀ। ਚਾਰਮੀ ਦੀ ਪਟੀਸ਼ਨ ‘ਤੇ ਹੈਦਰਾਬਾਦ ਹਾਈ ਕੋਰਟ ਨੇ ਹੁਕਮ ਜਾਰੀ ਕੀਤਾ ਹੈ ਕਿ ਅਭਿਨੇਤਰੀ ਤੋਂ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਵਿਚਾਲੇ ਪੁੱਛਗਿੱਛ ਕੀਤੀ ਜਾਵੇ।
ਅਦਾਲਤ ਨੇ ਐੱਸ. ਆਈ. ਟੀ. ਨੂੰ ਚਾਰਮੀ ਦੀ ਰਜ਼ਾਮੰਦੀ ਦੇ ਬਿਨਾਂ ਉਸ ਦੇ ਖੂਨ, ਵਾਲਾਂ ਤੇ ਨਹੁੰਆਂ ਦੇ ਨਮੂਨੇ ਲੈਣ ਤੋਂ ਵੀ ਮਨ੍ਹਾ ਕੀਤਾ ਹੈ। ਹਾਲਾਂਕਿ ਅਦਾਲਤ ਨੇ ਉਸ ਦੇ ਵਕੀਲ ਦੀ ਮੌਜੂਦਗੀ ‘ਚ ਪੁੱਛਗਿੱਛ ਦੀ ਉਸ ਦੀ ਪਟੀਸ਼ਨ ਨਾਮਨਜ਼ੂਰ ਕਰ ਦਿੱਤੀ।