ਟੋਰਾਂਟੋ, 24 ਫਰਵਰੀ : ਓਨਟਾਰੀਓ ਦੇ ਚੀਫ ਮੈਡੀਕਲ ਆਫੀਸਰ ਆਫ ਹੈਲਥ ਵੱਲੋਂ ਟੋਰਾਂਟੋ ਵਿੱਚ ਨਵੇਂ ਕੋਰੋਨਾਵਾਇਰਸ ਕੇਸ ਦੀ ਪੁਸ਼ਟੀ ਕੀਤੀ ਗਈ ਹੈ।
ਮੰਤਰਾਲੇ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 21 ਫਰਵਰੀ ਨੂੰ ਚੀਨ ਤੋਂ ਕੈਨੇਡਾ ਪਹੁੰਚੀ ਇੱਕ ਮਹਿਲਾ ਟੈਲੀਹੈਲਥ ਓਨਟਾਰੀਓ ਦੀ ਸਲਾਹ ਉੱਤੇ ਖੰਘ ਦੀ ਸਿ਼ਕਾਇਤ ਲੈ ਕੇ ਨੌਰਥ ਯੌਰਕ ਦੇ ਜਨਰਲ ਹਸਪਤਾਲ ਪਹੁੰਚੀ। ਐਤਵਾਰ ਦੁਪਹਿਰ ਨੂੰ ਜਾਰੀ ਕੀਤੀ ਗਈ ਨਿਊਜ਼ ਰਲੀਜ਼ ਵਿੱਚ ਮੰਤਰਾਲੇ ਨੇ ਆਖਿਆ ਕਿ ਇਨਫੈਕਸ਼ਨ, ਪ੍ਰੀਵੈਨਸ਼ਨ ਤੇ ਕੰਟਰੋਲ ਪ੍ਰੋਟੋਕਾਲ ਤਹਿਤ ਮਰੀਜ਼ ਨੂੰ ਨੌਰਥ ਯੌਰਕ ਦੇ ਜਨਰਲ ਹਸਪਤਾਲ ਵਿੱਚ ਪੂਰੀ ਨਿਗਰਾਨੀ ਹੇਠ ਰੱਖਿਆ ਜਾ ਰਿਹਾ ਹੈ। ਹਰ ਕਿਸਮ ਦੀ ਅਹਿਤਿਆਤ ਵਰਤੀ ਜਾ ਰਹੀ ਹੈ ਤੇ ਉਸ ਨੂੰ ਅਲੱਗ ਥਲੱਗ ਰੱਖਣ ਦੇ ਨਾਲ ਨਾਲ ਉਸ ਦੀ ਕੋਵਿਡ-19 ਸਬੰਧੀ ਜਾਂਚ ਵੀ ਕੀਤੀ ਜਾ ਰਹੀ ਹੈ।
ਬਿਆਨ ਵਿੱਚ ਇਹ ਵੀ ਆਖਿਆ ਗਿਆ ਕਿ ਮਾਮੂਲੀ ਤੌਰ ੳੱੁਤੇ ਬਿਮਾਰ ਪਾਏ ਜਾਣ ਤੋਂ ਬਾਅਦ ਔਰਤ ਨੂੰ ਘਰ ਭੇਜ ਦਿੱਤਾ ਗਿਆ ਹੈ ਜਿੱਥੇ ਉਹ ਖੁਦ ਹੀ ਅਲੱਗ ਹੋ ਗਈ ਹੈ। ਮੰਤਰਾਲੇ ਨੇ ਆਖਿਆ ਕਿ ਨਤੀਜੇ ਵਜੋਂ ਉਦੋਂ ਤੋਂ ਹੀ ਉਸ ਦਾ ਫੌਲੋ ਅੱਪ ਕੀਤਾ ਜਾ ਰਿਹਾ ਹੈ। ਇਹ ਵੀ ਦੱਸਿਆ ਗਿਆ ਕਿ ਇਸ ਦੀ ਪੁਸ਼ਟੀ ਲਈ ਸੈਂਪਲ ਵਿਨੀਪੈਗ ਸਥਿਤ ਨੈਸ਼ਨਲ ਮਾਇਕ੍ਰੋਬਾਇਓਲੋਜੀ ਲੈਬ ਵੀ ਭੇਜਿਆ ਗਿਆ ਹੈ। ਮੰਤਰਾਲੇ ਦਾ ਕਹਿਣਾ ਹੈ ਕਿ ਕਲੀਨਿਕ ਵਿੱਚ ਕੀਤੀ ਗਈ ਉਸ ਦੀ ਜਾਂਚ ਤੇ ਹਿਸਟਰੀ ਅਨੁਸਾਰ ਇਸ ਗੱਲ ਦੀ ਬਹੁਤ ਘੱਟ ਗੁੰਜਾਇਸ਼ ਹੈ ਕਿ ਉਸ ਵਿੱਚ ਇਹੀ ਇਨਫੈਕਸ਼ਨ ਹੋਵੇ।
ਮੰਤਰਾਲੇ ਨੇ ਦੱਸਿਆ ਕਿ ਮਹਿਲਾ ਨੇ ਸੇਫਟੀ ਸਬੰਧੀ ਸਾਰੇ ਪ੍ਰੋਟੋਕਾਲਜ਼ ਪੂਰੇ ਕੀਤੇ ਸਨ ਤੇ ਟੋਰਾਂਟੋ ਆਉਣ ਸਮੇਂ ਵੀ ਉਸ ਨੇ ਪੂਰੇ ਸਫਰ ਵਿੱਚ ਮਾਸਕ ਪਾਈ ਰੱਖਿਆ ਸੀ। ਹੁਣ ਪ੍ਰੋਵਿੰਸ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਲੋਕਲ ਪਬਲਿਕ ਹੈਲਥ ਯੂਨਿਟਸ ਨਾਲ ਰਾਬਤਾ ਕਾਇਮ ਕਰਕੇ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਜਹਾਜ਼ ਵਿੱਚ ਮਹਿਲਾ ਦੇ ਨੇੜੇ ਬਹਿ ਕੇ ਸਫਰ ਕਰਕੇ ਆਏ ਯਾਤਰੀਆਂ ਨਾਲ ਸੰਪਰਕ ਕਰਕੇ ਉਨ੍ਹਾਂ ਦੀ ਵੀ ਨਿਗਰਾਨੀ ਕੀਤੀ ਜਾਵੇ।
ਮੰਤਰਾਲੇ ਨੇ ਆਖਿਆ ਕਿ ਓਨਟਾਰੀਓ ਦੇ ਇਸ ਤੋਂ ਪਹਿਲਾਂ ਤਿੰਨ ਕੋਰੋਨਾਵਾਇਰਸ ਦੇ ਕੇਸ, ਜਿਨ੍ਹਾਂ ਵਿੱਚੋਂ ਦੋ ਟੋਰਾਂਟੋ ਵਿੱਚ ਸਨ, ਸਾਰੇ ਸਹੀ ਹਨ। 24 ਘੰਟਿਆਂ ਦੇ ਫਰਕ ਨਾਲ ਇਨ੍ਹਾਂ ਮਰੀਜ਼ਾਂ ਦੀ ਜਾਂਚ ਕਰਵਾਏ ਜਾਣ ਤੋਂ ਬਾਅਦ ਹੀ ਇਨ੍ਹਾਂ ਦੇ ਹੱਲ ਹੋਣ ਦੀ ਗੱਲ ਕੀਤੀ ਜਾ ਰਹੀ ਹੈ। ਐਤਵਾਰ ਨੂੰ ਮੇਅਰ ਜੌਹਨ ਟੋਰੀ ਨੇ ਇੱਕ ਬਿਆਨ ਵਿੱਚ ਆਖਿਆ ਕਿ ਸਥਾਨਕ ਵਾਸੀਆਂ ਨੂੰ ਇਸ ਦਾ ਕੋਈ ਖਤਰਾ ਨਹੀਂ ਹੈ। ਟੋਰੀ ਨੇ ਆਖਿਆ ਕਿ ਪਿਛਲੇ ਕਈ ਹਫਤਿਆਂ ਤੋਂ ਸਾਡੇ ਫਰੰਟਲਾਈਨ ਹੈਲਥ ਵਰਕਰਜ਼ ਇਹ ਸਿੱਧ ਕਰਨ ਵਿੱਚ ਕਾਮਯਾਬ ਰਹੇ ਹਨ ਕਿ ਦੁਨੀਆ ਵਿੱਚ ਉਨ੍ਹਾਂ ਦਾ ਕੋਈ ਸਾਨੀ ਨਹੀਂ ਹੈ। ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਸਾਡੇ ਕੋਲ ਕਈ ਢੰਗ ਤਰੀਕੇ ਹਨ। ਅਸੀਂ ਇਹ ਯਕੀਨੀ ਬਣਾਉਂਦੇ ਹਾਂ ਕਿ ਇਨ੍ਹਾਂ ਪ੍ਰੋਸੀਜ਼ਰ ਦਾ ਧਿਆਨ ਰੱਖਿਆ ਜਾਵੇ।