ਐਡੀਲੇਡ:ਭਾਰਤੀ ਟੈਨਿਸ ਖਿਡਾਰੀਆਂ ਲਈ ਅੱਜ ਦਾ ਦਿਨ ਬਹੁਤ ਵਧੀਆ ਰਿਹਾ। ਸਾਨੀਆ ਮਿਰਜ਼ਾ ਤੋਂ ਇਲਾਵਾ ਰਾਮਕੁਮਾਰ ਰਾਮਨਾਥਨ ਤੇ ਰੋਹਨ ਬੋਪੰਨਾ ਦੀ ਜੋੜੀ ਇੱਥੇ ਡਬਲਯੂਟੀਏ ਅਤੇ ਏਟੀਪੀ ਟੂਰਨਾਮੈਂਟ ਵਿੱਚ ਪਹਿਲੇ ਗੇੜ ਦੇ ਮੈਚ ਜਿੱਤਣ ਵਿੱਚ ਸਫਲ ਰਹੀ। ਸਾਨੀਆ ਤੇ ਯੂਕਰੇਨ ਦੀ ਉਨ੍ਹਾਂ ਦੀ ਜੋੜੀਦਾਰ ਨਾਦੀਆ ਕਿਚਨੋਕ ਨੇ ਡਬਲਯੂਟੀਏ 500 ਟੂਰਨਾਮੈਂਟ ਦੇ ਪਹਿਲੇ ਗੇੜ ਵਿੱਚ ਪਹਿਲਾ ਸੈੱਟ ਗੁਆਉਣ ਮਗਰੋਂ ਸ਼ਾਨਦਾਰ ਵਾਪਸੀ ਕਰ ਕੇ ਗੈਬਰੀਐਲਾ ਡਾਬਰੋਵਸਕੀ ਤੇ ਗਿਯੂਲਿਆਨਾ ਓਲਮੋਸ ਦੀ ਜੋੜੀ ਨੂੰ 1-6, 6-3, 10-8 ਨਾਲ ਹਰਾਇਆ। ਏਟੀਪੀ 250 ਟੂਰਨਾਮੈਂਟ ਵਿੱਚ ਰਾਮਕੁਮਾਰ ਤੇ ਬੋਪੰਨਾ ਦੀ ਜੋੜੀ ਨੇ ਆਸਾਨ ਜਿੱਤ ਦਰਜ ਕੀਤੀ। ਇਹ ਦੋਵੇਂ ਏਟੀਪੀ ਟੂਰ ਵਿੱਚ ਪਹਿਲੀ ਵਾਰ ਜੋੜੀ ਬਣਾ ਕੇ ਖੇਡ ਰਹੇ ਹਨ। ਬੋਪੰਨਾ ਤੇ ਰਾਮਕੁਮਾਰ ਨੇ ਪਹਿਲੇ ਗੇੜ ਵਿੱਚ ਅਮਰੀਕਾ ਦੇ ਜੈਮੀ ਸੇਰੇਟਨੀ ਤੇ ਬ੍ਰਾਜ਼ੀਲ ਦੇ ਫਰਨੈਂਡੋ ਰੰਬੋਲੀ ਨੂੰ 6-2, 6-1 ਨਾਲ ਸ਼ਿਕਸਤ ਦਿੱਤੀ। ਪ੍ਰੀ-ਕੁਆਰਟਰ ਵਿੱਚ ਉਨ੍ਹਾਂ ਦੀ ਟੱਕਰ ਅਮਰੀਕਾ ਦੇ ਨਾਥਨੀਲ ਲੈਮਨਜ਼ ਅਤੇ ਜੈਕਸਨ ਵਿਥਰੋ ਨਾਲ ਹੋਵੇਗੀ। ਐਡੀਲੇਡ ਵਿੱਚ ਖੇਡ ਰਹੇ ਖਿਡਾਰੀ ਆਸਟਰੇਲੀਅਨ ਓਪਨ ਦੀਆਂ ਤਿਆਰੀਆਂ ਕਰ ਰਹੇ ਹਨ, ਜੋ 17 ਜਨਵਰੀ ਤੋਂ ਮੈਬਰਨ ਵਿੱਚ ਸ਼ੁਰੂ ਹੋਵੇਗਾ।