ਇੰਡੀਅਨ ਵੇਲਜ਼:ਚੋਟੀ ਦੇ ਖਿਡਾਰੀ ਦਾਨਿਲ ਮੈਦਵੇਦੇਵ ਨੇ ਬੀਐੱਨਪੀ ਪਾਰਿਬਾਸ ਓਪਨ ਟੈਨਿਸ ਟੂਰਨਾਮੈਂਟ ਵਿੱਚ ਜਿੱਤ ਨਾਲ ਪ੍ਰੀ-ਕੁਆਰਟਰਜ਼ ਵਿੱਚ ਥਾਂ ਪੱਕੀ ਕਰ ਲਈ ਹੈ, ਜਦਕਿ ਮਹਿਲਾਵਾਂ ਦੀ ਸਿਖਰਲਾ ਦਰਜਾ ਪ੍ਰਾਪਤ ਕੈਰੋਲੀਨਾ ਪਲਿਸਕੋਵਾ ਉਲਟਫੇਰ ਦਾ ਸ਼ਿਕਾਰ ਹੋ ਕੇ ਮੁਕਾਬਲੇ ’ਚੋਂ ਬਾਹਰ ਹੋ ਗਈ। ਯੂਐੱਸ ਓਪਨ ਚੈਂਪੀਅਨ ਮੈਦਵੇਦੇਵ ਨੇ ਫਿਲਿਪ ਕ੍ਰਾਜਿਨੋਵਿਚ ਨੂੰ 6-2, 7-6 ਨਾਲ ਸ਼ਿਕਸਤ ਦਿੱਤੀ। ਪਲਿਸਕੋਵਾ ਨੂੰ ਬੀਟ੍ਰਿਜ਼ ਹਦਾਦ ਮਾਇਆ ਖ਼ਿਲਾਫ਼ ਸਿੱਧੇ ਸੈੱਟਾਂ ਵਿੱਚ ਹਾਰ ਝੱਲਣੀ ਪਈ। ਮੁੱਖ ਡਰਾਅ ਵਿੱਚ ਥਾਂ ਬਣਾਉਣ ਵਾਲੀ ਬੀਟ੍ਰਿਜ਼ ਨੇ ਉਸ ਨੂੰ 6-3, 7-5 ਨਾਲ ਹਰਾਇਆ। ਬ੍ਰਾਜ਼ੀਲ ਦੀ ਇਸ ਖਿਡਾਰਨ ਨੇ ਪਹਿਲੀ ਵਾਰ ਡਬਲਯੂਟੀਏ 1000 ਟੂਰਨਾਮੈਂਟ ਦੇ ਪ੍ਰੀ-ਕੁਟਆਰਟਰਜ਼ ਵਿੱਚ ਥਾਂ ਬਣਾਈ ਹੈ। ਇਸੇ ਤਰ੍ਹਾਂ ਕੋਕੋ ਗੌਫ ਨੂੰ ਵੀ ਪਾਊਲਾ ਬਦੋਸਾ ਤੋਂ ਮੀਂਹ ਤੋਂ ਪ੍ਰਭਾਵਿਤ ਮੈਚ ਵਿੱਚ 2-6, 2-6 ਨਾਲ ਹਾਰ ਮਿਲੀ। ਦਸਵਾਂ ਦਰਜਾ ਪ੍ਰਾਪਤ ਏਂਜਲਿਕ ਕਰਬਰ ਨੇ ਦਾਰੀਆ ਕਸਾਤਕਿਨਾ ਨੂੰ ਤਿੰਨ ਸੈੱਟਾਂ ਵਿੱਚ 6-2, 1-6, 6-4 ਨਾਲ ਹਰਾਇਆ, ਜਦੋਂਕਿ ਸਾਬਕਾ ਚੈਂਪੀਅਨ ਬਿਯਾਂਕਾ ਆਂਦਰੇਸਕਿਊ ਨੂੰ ਐਨਟ ਕੌਂਟਾ ਨੇ 7-6, 6-3 ਨਾਲ ਸ਼ਿਕਸਤ ਦਿੱਤੀ।