ਮੌਂਟਰੀਅਲ,
ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਗਲੇ ਮਹੀਨੇ ਹੋਣ ਵਾਲੀਆਂ ਸੰਸਦੀ ਚੋਣਾਂ ਤੋਂ ਪਹਿਲਾਂ ਆਪਣੀ ਵਿੱਤੀ ਨੀਤੀ ਦਾ ਐਲਾਨ ਕਰ ਦਿੱਤਾ ਹੈ। ਟਰੂਡੋ ਦਾ ਕਹਿਣਾ ਹੈ ਕਿ ਜੇ ਉਹ ਸੱਤਾ ’ਚ ਬਣੇ ਰਹਿੰਦੇ ਹਨ ਤਾਂ ਚੋਣ ਮੁਹਿੰਮ ਦੌਰਾਨ ਕੀਤੇ ਵਾਅਦੇ ਪੂਰੇ ਕਰਨ ਲਈ ਵਿੱਤੀ ਘਾਟਾ ਝੱਲਣ ਲਈ ਤਿਆਰ ਹਨ। ਲਿਬਰਲ ਆਗੂ ਟਰੂਡੋ ਦਾ ਕੰਜ਼ਰਵੇਟਿਵ ਧਿਰ ਨਾਲ ਕਰੜਾ ਮੁਕਾਬਲਾ ਹੈ ਤੇ ਵਿਰੋਧੀ ਧਿਰ ਦੀ ਅਗਵਾਈ ਐਂਡਰਿਊ ਸ਼ੀਅਰ ਕਰ ਰਹੇ ਹਨ। ਲਿਬਰਲਾਂ ਦਾ ਕਹਿਣਾ ਹੈ ਕਿ ਮੌਜੂਦਾ ਵਰ੍ਹੇ ਦਾ ਵਿੱਤੀ ਘਾਟਾ ਜੋ ਕਿ 19.8 ਅਰਬ ਕੈਨੇਡੀਅਨ ਡਾਲਰ ਹੈ, ਅਗਲੇ ਵਿੱਤੀ ਵਰ੍ਹੇ ’ਚ ਵੱਧ ਕੇ 27.4 ਅਰਬ ਕੈਨੇਡੀਅਨ ਡਾਲਰ ਹੋ ਸਕਦਾ ਹੈ। ਹਾਲਾਂਕਿ ਅਗਲੇ ਤਿੰਨ ਵਰ੍ਹਿਆਂ ਵਿਚ ਇਹ ਘਟੇਗਾ। ਟਰੂਡੋ ਨੇ ਕਿਹਾ ਕਿ ਇਹ ਕੈਨੇਡੀਅਨਾਂ ਦੇ ਚੰਗੇ ਭਵਿੱਖ ਲਈ ਜ਼ਿੰਮੇਵਾਰਾਨਾ ਚੋਣ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਵਿੱਤੀ ਤੌਰ ’ਤੇ ਜ਼ਿੰਮੇਵਾਰ ਹੋਣਾ ਤੇ ਨਿਵੇਸ਼ ਸੋਚ ਸਮਝ ਕੇ ਕਰਨਾ ਵੀ ਜ਼ਰੂਰੀ ਹੈ। ਦਰਅਸਲ ਲਿਬਰਲ ਪਾਰਟੀ ਸਰਕਾਰੀ ਪੱਧਰ ’ਤੇ ਖ਼ਰਚਾ ਵਧਾ ਕੇ ਲੋਕਾਂ ਨੂੰ ਟੈਕਸਾਂ ’ਚ ਛੋਟ ਦੇਣਾ ਚਾਹੁੰਦੀ ਹੈ। ਇਸ ਤੋਂ ਇਲਾਵਾ ਮੌਸਮੀ ਤਬਦੀਲੀ, ਮੱਧਵਰਗੀ ਜਮਾਤ ਤੇ ਵਿਦਿਆਰਥੀਆਂ ਨੂੰ ਵੀ ਲਾਭ ਦੇਣਾ ਚਾਹੁੰਦੀ ਹੈ। ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਟਰੂਡੋ ਨੂੰ ਨੌਜਵਾਨ ਵੋਟਰਾਂ ਦੀ ਹਮਾਇਤ ਹੈ।