ਮੁੰਬਈ:ਫ਼ਿਲਮਸਾਜ਼ ਫਰਾਹ ਖ਼ਾਨ ਨੂੰ ਮੁੜ ਕਰੋਨਾ ਹੋ ਗਿਆ ਹੈ, ਹਾਲਾਂਕਿ ਉਹ ਕਰੋਨਾ ਰੋਕੂ ਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਲੈ ਚੁੱਕੀ ਹੈ। ਉਸ ਨੇ ਕਰੋਨਾ ਹੋਣ ਸਬੰਧੀ ਖ਼ਬਰ ਦੀ ਪੁਸ਼ਟੀ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇੱਕ ਪੋਸਟ ਸਾਂਝੀ ਕਰ ਕੇ ਕੀਤੀ। ਉਹ ਟੀਵੀ ਰਿਐਲਿਟੀ ਸ਼ੋਅ ‘ਸੁਪਰ ਡਾਂਸਰ ਚੈਪਟਰ-4’ ਵਿੱਚ ਜੱਜ ਦੀ ਭੂਮਿਕਾ ਵਿੱਚ ਨਜ਼ਰ ਆ ਰਹੀ ਹੈ। ਫਰਾਹ ਨੇ ਦੱਸਿਆ ਕਿ ਉਸ ਨੇ ਆਪਣੇ ਨਾਲ ਕੰਮ ਕਰਨ ਵਾਲੇ ਲੋਕਾਂ ਨੂੰ ਵੀ ਕਰੋਨਾ ਟੈਸਟ ਕਰਵਾਉਣ ਲਈ ਆਖ ਦਿੱਤਾ ਹੈ। ਉਸ ਨੇ ਸੋਮਵਾਰ ਨੂੰ ਕੋ-ਜੱਜ ਸ਼ਿਲਪਾ ਸ਼ੈਟੀ ਨਾਲ ਸ਼ੂਟਿੰਗ ਕੀਤੀ ਸੀ। ਉਨ੍ਹਾਂ ਨੇ ‘ਕੌਣ ਬਣੇਗਾ ਕਰੋੜਪਤੀ-13’ ਲਈ ਵੀ ਹਾਲ ਹੀ ਵਿੱਚ ਅਮਿਤਾਭ ਬੱਚਨ ਨਾਲ ਸ਼ੂਟਿੰਗ ਕੀਤੀ ਸੀ। ਫਰਾਹ ਨੇ ਇੰਸਾਗ੍ਰਾਮ ’ਤੇ ਹਲਕੇ ਫੁਲਕੇ ਸੰਦੇਸ਼ ’ਚ ਲਿਖਿਆ, ‘ਕਰੋਨਾ ਰੋਕੂ ਵੈਕਸੀਨ ਦੀਆਂ ਦੋ ਖ਼ੁਰਾਕਾਂ ਲੈਣ ਅਤੇ ਵੈਕਸੀਨ ਲਗਵਾ ਚੁੱਕੇ ਜ਼ਿਆਦਾਤਰ ਲੋਕਾਂ ਨਾਲ ਕੰਮ ਕਰਨ ਦੇ ਬਾਵਜੂਦ ਮੇਰਾ ਕੋਵਿਡ-19 ਟੈਸਟ ਪਾਜ਼ੇਟਿਵ ਆ ਗਿਆ ਹੈ। ਮੈਂ ਹੈਰਾਨ ਹਾਂ ਕਿ ਇਹ ਇਸ ਲਈ ਹੋਇਆ ਕਿਉਂਕਿ ਮੈਂ ‘ਕਾਲਾ ਟਿੱਕਾ’ ਨਹੀਂ ਲਗਾਇਆ ਸੀ। ਮੈਂ ਆਪਣੇ ਸੰਪਰਕ ਵਿੱਚ ਆਏ ਲੋਕਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਉਹ ਆਪਣੇ ਟੈਸਟ ਕਰਵਾ ਲੈਣ।’ ਫਰਾਹ ਨੇ ਹਾਲ ਹੀ ਵਿੱਚ ਮਿਊਜ਼ਿਕ ਵੀਡੀਓ ‘ਸਾਥ ਕਿਆ ਨਿਭਾਓਗੇ’ ਦਾ ਨਿਰਦੇਸ਼ਨ ਵੀ ਕੀਤਾ ਹੈ, ਜਿਸ ਵਿੱਚ ਸੋਨੂ ਸੂਦ ਅਤੇ ਨਿਧੀ ਅਗਰਵਾਲ ਨੇ ਕੰਮ ਕੀਤਾ ਹੈ।