ਬਰਮਿੰਘਮ,
ਭਾਰਤ ਦੀ ਤਜਰਬੇਕਾਰ ਸਕੁਐਸ਼ ਖਿਡਾਰਨ ਜੋਸ਼ਨਾ ਚਿਨੱਪਾ ਨਿਊਜ਼ੀਲੈਂਡ ਦੀ ਕੈਟਲੀਨ ਵਾਟਸ ਨੂੰ 3-1 ਨਾਲ ਹਰਾ ਕੇ ਰਾਸ਼ਟਰਮੰਡਲ ਖੇਡਾਂ ਦੇ ਮਹਿਲਾ ਸਿੰਗਲਜ਼ ਮੁਕਾਬਲੇ ਵਿਚ ਕੁਆਰਟਰ ਫਾਈਨਲ ਵਿਚ ਪਹੁੰਚ ਗਈ ਹੈ। 18 ਵਾਰ ਦੀ ਰਾਸ਼ਟਰੀ ਚੈਂਪੀਅਨ ਜੋਸ਼ਨਾ ਨੇ 11-8, 9-11 , 11-4 ਤੇ 11-6 ਨਾਲ ਜਿੱਤ ਦਰਜ ਕੀਤੀ।

ਹੁਣ ਉਨ੍ਹਾਂ ਦਾ ਮੁਕਾਬਲਾ ਕੈਨੇਡਾ ਦੀ ਹੋਲੀ ਨਾਟਨ ਨਾਲ ਹੋਵੇਗਾ। ਨਾਟਨ ਨੇ ਮਲੇਸ਼ੀਆ ਦੀ ਐਫਾ ਐਜਮੈਨ ਨੂੰ 3-0 ਨਾਲ ਹਰਾਇਆ। ਪਹਿਲਾ ਰਾਸ਼ਟਰਮੰਡਲ ਸੋਨ ਤਗਮਾ ਜਿੱਤਣ ਦੀ ਕੋਸ਼ਿਸ਼ ਵਿਚ ਜੁਟੀ ਜੋਸ਼ਨਾ ਪਹਿਲੇ ਸੈੱਟ ਵਿਚ 3-5 ਨਾਲ ਪਿੱਛੇ ਸੀ ਪਰ 8-8 ਨਾਲ ਬਰਾਬਰੀ ਕਰਨ ਤੋਂ ਬਾਅਦ 11-8 ਨਾਲ ਜਿੱਤ ਦਰਜ ਕੀਤੀ। ਵਾਟਸ ਨੇ ਦੂਜਾ ਸੈੱਟ ਜਿੱਤ ਕੇ ਵਾਪਸੀ ਕੀਤੀ ਪਰ ਤੀਸਰੇ ਤੇ ਚੌਥੇ ਸੈੱਟ ਵਿਚ ਜੋਸ਼ਨਾ ਨੇ ਉਨ੍ਹਾਂ ਨੂੰ ਮੌਕਾ ਨਹੀਂ ਦਿੱਤਾ।