ਜੈਸਪਰ, ਅਲਬਰਟਾ, 27 ਜੂਨ : ਜੈਸਪਰ ਨੈਸ਼ਨਲ ਪਾਰਕ ਵਿੱਚ ਬਿਜਲੀ ਸਪਲਾਈ ਅਚਾਨਕ ਠੱਪ ਹੋ ਜਾਣ ਕਾਰਨ ਪਹਾੜ ਉੱਤੇ ਆਉਣ ਜਾਣ ਵਾਲੀ ਟਰਾਮ ਦੇ ਅੱਧਵਾਟੇ ਅੜ ਜਾਣ ਮਗਰੋਂ ਦਰਜਨਾਂ ਲੋਕਾਂ ਨੂੰ ਹੈਲੀਕਾਪਟਰ ਰਾਹੀਂ ਸੁਰੱਖਿਅਤ ਥਾਂ ਉੱਤੇ ਪਹੁੰਚਾਇਆ ਗਿਆ।
ਅਮਲੇ ਦੇ 10 ਮੈਂਬਰਾਂ ਸਮੇਤ 160 ਲੋਕ ਸੋਮਵਾਰ ਸ਼ਾਮੀਂ 4:00 ਵਜੇ ਵ੍ਹਿਸਲਰ ਮਾਊਨਟੇਨ ਦੀ ਚੋਟੀ ਉੱਤੇ ਜਾਂ ਉੱਥੇ ਚੱਲਣ ਵਾਲੀ ਟਰਾਮ ਵਿੱਚ ਫਸ ਗਏ। ਜੈਸਪਰ ਸਕਾਇਟਰਾਮ ਤੇ ਸਕੀ ਮਾਰਮੌਟ ਬੇਸਿਨ ਦੇ ਮਾਰਕਿਟਿੰਗ ਤੇ ਸੇਲਜ਼ ਸਬੰਧੀ ਵਾਈਸ ਪ੍ਰੈਜ਼ੀਡੈਂਟ ਬ੍ਰਾਇਨ ਰੋਡ ਨੇ ਦੱਸਿਆ ਕਿ ਹਰੇਕ ਟਰਾਮ ਕਾਰ ਵਿੱਚ 20 ਤੋਂ 25 ਲੋਕ ਸਵਾਰ ਸਨ। ਟਰਾਮ ਅੱਧੀ ਭਰੀ ਹੋਈ ਸੀ ਤੇ ਇਹ ਪਹਾੜੀ ਦੀ ਚੋਟੀ ਤੋਂ 200 ਮੀਟਰ ਦੀ ਦੂਰੀ ਉੱਤੇ ਰੁਕ ਗਈ।
ਉਨ੍ਹਾਂ ਦੱਸਿਆ ਕਿ ਅਸੀਂ ਕਿਸੇ ਤਰ੍ਹਾਂ ਆਖਰੀ ਟਰਾਮ ਕਾਰ ਨੂੰ ਪਹਾੜੀ ਦੀ ਚੋਟੀ ਉੱਤੇ ਲਿਆਉਣ ਵਿੱਚ ਕਾਮਯਾਬ ਰਹੇ ਤੇ ਫਿਰ ਲੋਕਾਂ ਨੂੰ ਉਸ ਵਿੱਚੋਂ ਉਤਾਰ ਲਿਆ। ਸਕੀ ਮਾਰਮੌਟ, ਟਰਾਮ ਆਪਰੇਟਰ, ਨੇ ਦੋ ਹੈਲੀਕਾਪਟਰ ਸੱਦ ਕੇ ਸਾਰੇ ਲੋਕਾਂ ਨੂੰ ਸੁਰੱਖਿਅਤ ਟਿਕਾਣੇ ਉੱਤੇ ਪਹੁੰਚਾਇਆ। 110 ਲੋਕਾਂ ਨੂੰ ਤਾਂ ਸੋਮਵਾਰ ਰਾਤ ਨੂੰ ਹੀ ਸੁਰੱਖਿਅਤ ਥਾਂ ਉੱਤੇ ਪਹੁੰਚਾ ਦਿੱਤਾ ਗਿਆ ਤੇ ਬਾਕੀਆਂ ਨੂੰ ਮੰਗਲਵਾਰ ਸਵੇਰੇ ਪਹਾੜੀ ਤੋਂ ਲਿਆਂਦਾ ਗਿਆ। ਰਾਤ ਉਨ੍ਹਾਂ ਨੇ ਪਹਾੜੀ ਦੀ ਚੋਟੀ ਉੱਤੇ ਬਣੀ ਇੱਕ ਇਮਾਰਤ ਵਿੱਚ ਹੀ ਬਿਤਾਈ।
ਜੈਸਪਰ ਸਕਾਇਟਰਾਮ ਨੂੰ ਕੈਨੇਡਾ ਵਿੱਚ ਸੱਭ ਤੋਂ ਉੱਚੀ ਤੇ ਲੰਮੀਂ ਟਰਾਮਵੇਅ ਮੰਨਿਆ ਜਾਂਦਾ ਹੈ। ਰੋਡ ਨੇ ਦੱਸਿਆ ਕਿ ਉਨ੍ਹਾਂ ਦੇ ਹਿਸਾਬ ਨਾਲ ਤੂਫਾਨ ਕਾਰਨ ਬਿਜਲੀ ਸਪਲਾਈ ਅਚਾਨਕ ਠੱਪ ਹੋ ਗਈ। ਉਨ੍ਹਾਂ ਆਖਿਆ ਕਿ ਇਸ ਘਟਨਾਕ੍ਰਮ ਵਿੱਚ ਕਿਸੇ ਨੂੰ ਕੋਈ ਸੱਟ ਫੇਟ ਨਹੀਂ ਲੱਗੀ ਹੈ। ਉਨ੍ਹਾਂ ਆਖਿਆ ਕਿ ਉਹ ਸਥਿਤੀ ਦਾ ਮੁਲਾਂਕਣ ਕਰਕੇ ਇਹ ਪਤਾ ਲਾਉਣਗੇ ਕਿ ਆਖਿਰਕਾਰ ਗੜਬੜ ਕਿੱਥੇ ਤੇ ਕਿਵੇਂ ਹੋਈ ਤੇ ਕੀ ਉਹ ਰੋਕੀ ਜਾ ਸਕਦੀ ਸੀ। 1964 ਵਿੱਚ ਬਣੇ ਸਕਾਇਟਰਾਮ ਨੂੰ ਹਾਲ ਦੀ ਘੜੀ ਬੰਦ ਰੱਖਿਆ ਗਿਆ ਹੈ।