ਮਾਲੇ, 28 ਮਾਰਚ

ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਮਾਲਦੀਵਜ਼ ਦੇ ਰਾਸ਼ਟਰਪਤੀ ਇਬਰਾਹਿਮ ਮੁਹੰਮਦ ਸੋਲਿਹ ਨਾਲ ਅੱਡੂ ਸ਼ਹਿਰ ਵਿਚ ਮੁਲਾਕਾਤ ਕੀਤੀ ਹੈ। ਇਨ੍ਹਾਂ ਆਗੂਆਂ ਨੇ ਇਸ ਮੌਕੇ ਦੋਵਾਂ ਮੁਲਕਾਂ ਦਰਮਿਆਨ ਵਿਸ਼ੇਸ਼ ਭਾਈਵਾਲੀ ਉਤੇ ਵਿਚਾਰ-ਚਰਚਾ ਕੀਤੀ। ਜੈਸ਼ੰਕਰ ਸ਼ਨਿਚਰਵਾਰ ਇੱਥੇ ਪੁੱਜੇ ਸਨ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮਾਲਦੀਵਜ਼ ਦੇ ਰਾਸ਼ਟਰਪਤੀ ਨੂੰ ਸ਼ੁੱਭ ਇੱਛਾਵਾਂ ਵੀ ਦਿੱਤੀਆਂ। ਜੈਸ਼ੰਕਰ ਨੇ ਮਾਲਦੀਵਜ਼ ਦੇ ਗ੍ਰਹਿ ਮੰਤਰੀ ਇਮਰਾਨ ਅਬਦੁੱਲਾ ਨਾਲ ਵੀ ਮੁਲਾਕਾਤ ਕੀਤੀ। ਦੋਵਾਂ ਆਗੂਆਂ ਨੇ ਇਸ ਮੌਕੇ ਸਮਰੱਥਾ ’ਚ ਵਾਧੇ ਤੇ ਸਿਖ਼ਲਾਈ ਅਤੇ ਹੋਰ ਸਹਿਯੋਗ ਬਾਰੇ ਵਿਚਾਰ-ਵਟਾਂਦਰਾ ਕੀਤਾ। ਇਕ ਹੋਰ ਟਵੀਟ ਵਿਚ ਜੈਸ਼ੰਕਰ ਨੇ ਜਾਣਕਾਰੀ ਦਿੱਤੀ ਕਿ ਅੱਡੂ ਸੜਕੀ ਪ੍ਰਾਜੈਕਟ, ਤੱਟੀ ਖੇਤਰ ਨੂੰ ਬਚਾਉਣ ਤੇ ਤੱਟੀ ਰਾਡਾਰ ਢਾਂਚੇ ਬਾਰੇ ਵੀ ਸਮਝੌਤੇ ਸਹੀਬੱਧ ਕੀਤੇ ਗਏ। ਸ਼ਨਿਚਰਵਾਰ ਜੈਸ਼ੰਕਰ ਨੇ ਕਿਹਾ ਸੀ ਕਿ ਭਾਰਤ ਤੇ ਮਾਲਦੀਵਜ਼ ਦਾ ਰਿਸ਼ਤਾ ਪਰਖ਼ਿਆ ਹੋਇਆ ਹੈ ਤੇ ਖੇਤਰ ਵਿਚ ਸਥਿਰਤਾ ਕਾਇਮ ਰੱਖਣ ਲਈ ਇਕ ਤਾਕਤ ਹੈ। ਉਨ੍ਹਾਂ ਕਿਹਾ ਕਿ ਦੋਵੇਂ ਮੁਲਕ ਇਸ ਰਿਸ਼ਤੇ ਨੂੰ ਮਜ਼ਬੂਤ ਕਰਦੇ ਰਹਿਣਗੇ। ਜੈਸ਼ੰਕਰ ਨੇ ਆਪਣੇ ਹਮਰੁਤਬਾ ਅਬਦੁੱਲਾ ਨਾਲ ਚੱਲ ਰਹੇ ਪ੍ਰਾਜੈਕਟਾਂ ਦਾ ਜਾਇਜ਼ਾ ਲਿਆ ਤੇ ਵੱਖ-ਵੱਖ ਖੇਤਰਾਂ ਵਿਚ ਚੁੱਕੇ ਗਏ ਕਦਮਾਂ ’ਤੇ ਚਰਚਾ ਕੀਤੀ।