ਮਾਨਸਾ, 1 ਦਸੰਬਰ

ਭੁਵਨੇਸ਼ਵਰ ਵਿਚ ਖੇਡੇ ਜਾ ਰਹੇ ਜੂਨੀਅਰ ਵਿਸ਼ਵ ਹਾਕੀ ਕੱਪ ਦੇ ਕੁਆਰਟਰ ਫਾਈਨਲ ਦੇ ਚਾਰੇ ਮੈਚ ਅੱਜ ਖੇਡੇ ਜਾ ਰਹੇ ਹਨ,‌ ਜਿਸ ਦੇ ਪਹਿਲੇ ਮੈਚ ਵਿਚ ਜਰਮਨੀ ਨੇ ਸਪੇਨ ਨੂੰ ਹਰਾ ਦਿੱਤਾ ਹੈ। ਪੂਰੇ ਮੈਚ ਵਿਚ ਦੋਨੋਂ ਟੀਮਾਂ 2-2 ਨਾਲ ਬਰਾਬਰ ਸਨ। ਲੰਬੇ ਸਮੇਂ ਤੱਕ ਦੋਹੇ ਟੀਮਾਂ 1-1 ਨਾਲ ਬਰਾਬਰ ਰਹੀਆਂ ਪਰ ਮੈਚ ਖ਼ਤਮ ਹੋਣ ਤੋਂ ਸਵਾ ਮਿੰਟ ਪਹਿਲਾਂ ਸਪੇਨ ਨੇ ਗੋਲ ਕਰਕੇ ਲੀਡ ਲੈ ਲਈ, ਜਦੋਂ ਕਿ ਜਰਮਨੀ ਨੇ ਤੁਰੰਤ ਹਮਲਾ ਕਰਕੇ ਪੈਨਲਟੀ ਕਾਰਨਰ ਹਾਸਿਲ ਕਰਕੇ ਗੋਲ ਬਰਾਬਰ ਕਰ ਦਿੱਤਾ ਅਤੇ ਮਗਰੋਂ ਪੈਨਲਟੀ ਸੂਟ ਆਊਟ ਵਿਚ ਜਰਮਨੀ 3-1 ਨਾਲ ਜਿੱਤ ਕੇ ਸੈਮੀਫਾਈਨਲ ਵਿਚ ਪੁੱਜ ਗਿਆ। ਇਸ ਦੌਰਾਨ ਦੂਸਰੇ ਕੁਆਰਟਰ ਫਾਈਨਲ ਵਿਚ ਅਰਜਨਟਾਈਨਾ ਦੇ ਗੱਭਰੂ ਨੀਦਰਲੈਂਡਜ਼ ਨੂੰ 2 -1 ਨਾਲ ਹਰਾ‌ ਗਏ ਅਤੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਗਏ।ਮੈਚ ਦਾ ਪਹਿਲਾਂ ਗੋਲ ਅਰਜਨਟਾਈਨਾ ਨੇ ਕੀਤਾ, ਜਿਸ ਨੂੰ ਨੀਦਰਲੈਂਡਜ਼ ਦੇ ਮੁੰਡੇ ਛੇਤੀ ਲਾਹ ਗਏ। ਮਗਰੋਂ ‌ਅੱਧੇ ਸਮੇਂ ਤੱਕ ਮੈਚ ਬਰਾਬਰ ਰਿਹਾ ਅਤੇ ਮੈਚ ਖ਼ਤਮ ਹੋਣ ਤੋਂ ਡੇਢ ਮਿੰਟ ਪਹਿਲਾਂ ਅਰਜਨਟਾਈਨਾ ਦੀ ਟੀਮ ਗੋਲ ਕਰ ਗਈ ।
ਭਾਰਤ ਅਤੇ ਬੈਲਜੀਅਮ ਵਿਚਕਾਰ 2013 ਤੋਂ ਅੱਜ ਤੱਕ 24 ਮੁਕਾਬਲੇ ਹੋਏ ਹਨ, ਜਿਨ੍ਹਾਂ ਚੋਂ ਬੈਲਜੀਅਮ ਨੇ 14 ਵਾਰ ਜਿੱਤ ਹਾਸਲ ਕੀਤੀ ਹੈ ਅਤੇ ਭਾਰਤ ਨੇ 8 ਵਾਰ ਜਿੱਤ ਹਾਸਲ ਕੀਤੀ ਹੈ। 2016 ਵਿਚ ਭਾਰਤ ਨੇ ਆਪਣੀ ਮੇਜ਼ਬਾਨੀ ਵਿਚ ਖਿਤਾਬੀ ਮੁਕਾਬਲੇ ਵਿਚ ਬੈਲਜੀਅਮ ਨੂੰ 2-1‌ਨਾਲ ਹਰਾਇਆ ਸੀ।