ਓਟਵਾ, 13 ਮਈ : ਇਨ੍ਹਾਂ ਗਰਮੀਆਂ ਵਿੱਚ ਪੋਪ ਫਰਾਂਸਿਸ ਕੈਨੇਡਾ ਆਉਣਗੇ। ਵੈਟੀਕਨ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਸ ਦੌਰਾਨ ਪੋਪ ਅਲਬਰਟਾ, ਕਿਊਬਿਕ ਤੇ ਨੂਨਾਵਤ ਵਿੱਚ ਰੁਕਣਗੇ।
ਇਹ ਵੀ ਜਾਣਕਾਰੀ ਦਿੱਤੀ ਗਈ ਕਿ 24 ਤੋਂ 29 ਜੁਲਾਈ ਨੂੰ ਕੀਤੇ ਜਾਣ ਵਾਲੇ ਇਸ ਦੌਰੇ ਦੌਰਾਨ ਪੋਪ ਐਡਮੰਟਨ, ਕਿਊਬਿਕ ਸਿਟੀ ਤੇ ਇਕੁਆਲਿਟ ਵਰਗੀਆਂ ਅਹਿਮ ਸਿਟੀਜ਼ ਵਿੱਚ ਜਾਣਗੇ। ਕੈਨੇਡਾ ਵਿੱਚ ਰੈਜ਼ੀਡੈਂਸ਼ੀਅਲ ਸਕੂਲਾਂ ਵਿੱਚ ਰੋਮਨ ਕੈਥੋਲਿਕ ਚਰਚ ਦੀ ਭੂਮਿਕਾ ਲਈ ਪਿਛਲੇ ਮਹੀਨੇ ਮੁਆਫੀ ਮੰਗਣ ਤੋਂ ਬਾਅਦ ਪੋਪ ਇਹ ਇਤਿਹਾਸਕ ਦੌਰਾ ਕਰਨਗੇ।
ਕੈਨੇਡੀਅਨ ਕਾਨਫਰੰਸ ਆਫ ਕੈਥੋਲਿਕ ਬਿਸ਼ਪਸ ਲਈ ਇਸ ਟਰਿੱਪ ਦੇ ਜਨਰਲ ਕੋਆਰਡੀਨੇਟਰ, ਐਡਮੰਟਨ ਦੇ ਆਰਚਬਿਸ਼ਪ ਰਿਚਰਡ ਸਮਿੱਥ ਨੇ ਆਖਿਆ ਕਿ ਇੰਡੀਜੀਨਸ ਦੇ ਪੁਰਾਣੇ ਜ਼ਖ਼ਮਾਂ ਉੱਤੇ ਮਲ੍ਹਮ ਲਾਉਣ ਤੇ ਸੁਲ੍ਹਾ ਲਈ ਚੁੱਕਿਆ ਗਿਆ ਇਹ ਦੂਜਾ ਅਹਿਮ ਕਦਮ ਹੈ। ਸਮਿੱਥ ਨੇ ਆਖਿਆ ਕਿ ਵੈਟੀਕਨ ਵੱਲੋਂ ਜਿਹੜੀਆਂ ਥਾਂਵਾਂ ਚੁਣੀਆਂ ਗਈਆਂ ਹਨ ਉਹ ਪੋਪ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਚੁਣੀਆਂ ਗਈਆਂ ਹਨ।
ਉਨ੍ਹਾਂ ਆਖਿਆ ਕਿ ਖਾਸ ਸਾਈਟਸ ਤੇ ਰਸਮੀ ਪ੍ਰੋਗਰਾਮ ਇੰਡੀਜੀਨਸ ਭਾਈਵਾਲਾਂ ਨਾਲ ਰਲ ਕੇ ਤਿਆਰ ਕੀਤਾ ਜਾਵੇਗਾ।