ਮੁੰਬਈ, 4 ਅਗਸਤ

ਅਦਾਕਾਰਾ ਅਲੀਸ਼ਾ ਪੰਵਾਰ ਸੀਰੀਅਲ ‘ਤੇਰੀ ਮੇਰੀ ਇਕ ਜ਼ਿੰਦੜੀ’ ਵਿਚ ਜੋਗੀ (ਆਦਵਿਕ ਮਹਾਜਨ) ਦੀ ਬਚਪਨ ਦੀ ਦੋਸਤ ਅਵਨੀਤ ਦਾ ਕਿਰਦਾਰ ਨਿਭਾਏਗੀ। ਇਸ ਸੀਰੀਅਲ ਵਿਚ ਉਹ ਪੰਜਾਬੀ ਕੁੜੀ ਦਾ ਕਿਰਦਾਰ ਨਿਭਾਏਗੀ ਜੋ ਸਵੈ-ਵਿਸ਼ਵਾਸ ਨਾਲ ਭਰੀ ਹੋਈ ਹੈ। ਇਸ ਤੋਂ ਪਹਿਲਾਂ ਅਲੀਸ਼ਾ ‘ਇਸ਼ਕ ਮੇਂ ਮਰਜਾਵਾਂ’ ਤੇ ‘ਮੇਰੀ ਗੁਡੀਆ’ ਰਾਹੀਂ ਪਛਾਣ ਬਣਾ ਚੁੱਕੀ ਹੈ। ਅਲੀਸ਼ਾ ਨੇ ਦੱਸਿਆ ਕਿ ਪਹਿਲਾਂ ਉਹ ਇਸ ਪ੍ਰਾਜੈਕਟ ਵਿਚ ਕੰਮ ਕਰਨ ਦੀ ਇੱਛੁਕ ਨਹੀਂ ਸੀ ਕਿਉਂਕਿ ਉਸ ਦਾ ਕਿਰਦਾਰ ਦੋ ਵੱਖ-ਵੱਖ ਸ਼ਖਸੀਅਤਾਂ ਵਿਚ ਘਿਰਿਆ ਹੋਇਆ ਸੀ। ਜਦੋਂ ਉਸ ਨਾਲ ਸੰਪਰਕ ਕੀਤਾ ਗਿਆ ਤਾਂ ਪਹਿਲਾਂ ਤਾਂ ਉਹ ਦੁਚਿੱਤੀ ਵਿਚ ਸੀ ਤੇ ਉਸ ਨੇ ਇਸ ਪ੍ਰਾਜੈਕਟ ਲਈ ਨਾਂਹ ਕਰ ਦਿੱਤੀ ਪਰ ਬਾਅਦ ਵਿਚ ਅਵਨੀਤ ਦੀ ਕਹਾਣੀ ਸੁਣਨ ਤੋਂ ਬਾਅਦ ਉਸ ਨੇ ਹਾਂ ਕੀਤੀ ਕਿਉਂਕਿ ਕਹਾਣੀ ਵਿਚ ਅਵਨੀਤ ਦੇ ਜਨੂੰਨ ਤੋਂ ਉਹ ਕਾਫੀ ਪ੍ਰਭਾਵਿਤ ਹੋਈ। ‘ਤੇਰੀ ਮੇਰੀ ਇਕ ਜ਼ਿੰਦੜੀ’ ਦੋ ਵੱਖਰੀਆਂ ਸ਼ਖਸੀਅਤਾਂ ਮਾਹੀ (ਅਮਨਦੀਪ ਸਿੱਧੂ) ਅਤੇ ਜੋਗੀ (ਆਦਵਿਕ ਮਹਾਜਨ) ਦੀ ਪ੍ਰੇਮ ਕਹਾਣੀ ਹੈ। ਇਨ੍ਹਾਂ ਦੀ ਪ੍ਰੇਮ ਕਹਾਣੀ ਵਿਚ ਜੋਗੀ ਦੀ ਬਚਪਨ ਦੀ ਦੋਸਤ ਅਵਨੀਤ ਮੋੜ ਲਿਆਉਂਦੀ ਹੈ। ਅਲੀਸ਼ਾ ਦੱਸਦੀ ਹੈ ਕਿ ਉਸ ਦਾ ਕਿਰਦਾਰ ਪਹਿਲਾਂ ਵਾਲੇ ਕਿਰਦਾਰਾਂ ਨਾਲੋਂ ਬਿਲਕੁੱਲ ਵੱਖਰਾ ਹੋਵੇਗਾ। ਉਹ ਅਵਨੀਤ ਦੀ ਭੂਮਿਕਾ ਨਿਭਾਉਣ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਹੈ ਤੇ ਉਸ ਦਾ ਵਿਸ਼ਵਾਸ ਹੈ ਕਿ ਇਹ ਪ੍ਰਾਜੈਕਟ ਉਸ ਲਈ ਵਧੀਆ ਸਫ਼ਰ ਹੋਵੇਗਾ।