ਲਖਨਊ, 21 ਸਤੰਬਰ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਕਿਹਾ ਹੈ ਕਿ ਸੂਬਾ ਸਰਕਾਰ ਜਨਸੰਖਿਆ ਨੂੰ ਕਾਬੂ ਹੇਠ ਰੱਖਣ ਲਈ ਸਹੀ ਸਮਾਂ ਆਉਣ ’ਤੇ ਹੀ ਕਾਨੂੰਨ ਹੋਂਦ ਵਿੱਚ ਲਿਆਏਗੀ। ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਦੀ ਵਧਦੀ ਹੋਈ ਆਬਾਦੀ ਵਿੱਚ ਸਥਿਰਤਾ ਲਿਆਉਣ ਲਈ ਯੋਗੀ ਸਰਕਾਰ ਨੇ ਜੁਲਾਈ ਮਹੀਨੇ ਵਿੱਚ ਨਵੀਂ ਯੋਜਨਾ ਲਾਗੂ ਕੀਤੀ ਸੀ। ਇਸੇ ਦੌਰਾਨ ਸਰਕਾਰ ਦੀ ਇਹ ਵੀ ਕੋਸ਼ਿਸ਼ ਰਹੀ ਹੈ ਕਿ ਜਣੇਪੇ ਵੇਲੇ ਮਾਂ ਤੇ ਨਵਜੰਮੇ ਬੱਚਿਆਂ ਦੀ ਮੌਤ ਦਰ ਘਟਾਈ ਜਾਵੇ। ਮੁੰਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਕਿਹਾ ਕਿ ਵਧਦੀ ਹੋਈ ਆਬਾਦੀ ਸੂਬੇ ਦੇ ਵਿਕਾਸ ਵਿੱਚ ਰੁਕਾਵਟ ਹੈ। ਦੱਸਣਯੋਗ ਹੈ ਕਿ ਉੱਤਰ ਪ੍ਰਦੇਸ਼ ਦੀਆਂ 403 ਵਿਧਾਨ ਸਭਾ ਸੀਟਾਂ ’ਤੇ ਅਗਲੇ ਸਾਲ ਅਸੈਂਬਲੀ ਚੋਣਾਂ ਹੋਣੀਆਂ ਹਨ।