ਰਈਆ, 13 ਅਗਸਤ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਛੇ ਹਜ਼ਾਰ ਆਂਗਣਵਾੜੀ ਵਰਕਰਾਂ ਦੀ ਭਰਤੀ ਜਲਦੀ ਹੀ ਕੀਤੀ ਜਾਵੇਗੀ ਤੇ ਇਹ ਭਰਤੀ ਨਿਰੋਲ ਮੈਰਿਟ ਦੇ ਆਧਾਰ ’ਤੇ ਹੋਵੇਗੀ। ਉਹ ਅੱਜ ਇੱਥੇ ਰੱਖੜ ਪੁੰਨਿਆ ਮੇਲੇ ’ਤੇ ਬਾਬਾ ਬਕਾਲਾ ਸਾਹਿਬ ਦੇ ਆਈਟੀਆਈ ਗਰਾਊਂਡ ਵਿੱਚ ਆਮ ਆਦਮੀ ਪਾਰਟੀ ਦੀ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 4500 ਪੁਲੀਸ ਮੁਲਾਜ਼ਮਾਂ ਭਰਤੀ ਦੀ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ ਤੇ ਜਲਦੀ ਹੀ ਨੌਜਵਾਨਾਂ ਨੂੰ ਜਲਦ ਨਿਯੁਕਤੀ ਪੱਤਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ 16 ਨਵੇਂ ਮੈਡੀਕਲ ਕਾਲਜ ਖੋਲ੍ਹੇ ਜਾਣਗੇ ਜਿਸ ਨਾਲ ਹਰ ਜ਼ਿਲ੍ਹੇ ਨੂੰ ਇਕ ਕਾਲਜ ਮਿਲੇਗਾ ਅਤੇ ਕੁੱਲ ਮੈਡੀਕਲ ਕਾਲਜਾਂ ਦੀ ਗਿਣਤੀ 25 ਹੋ ਜਾਵੇਗੀ ਜਿਸ ਨਾਲ ਪੰਜਾਬ ਦੇ ਬੱਚਿਆਂ ਨੂੰ ਮੈਡੀਕਲ ਦੀ ਪੜ੍ਹਾਈ ਲਈ ਯੂਕਰੇਨ ਜਾਂ ਕਿਸੇ ਹੋਰ ਮੁਲਕ ਨਹੀਂ ਜਾਣਾ ਪਵੇਗਾ। ਉਨ੍ਹਾਂ ਕਿਹਾ ਕਿ ਮਾਝੇ ਦੀ ਤਰੱਕੀ ਲਈ ਕਲਾਨੌਰ ਵਿੱਚ ਖੇਤੀਬਾੜੀ ਕਾਲਜ ਮਨਜ਼ੂਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਾਬਾ ਬਕਾਲਾ ਸਾਹਿਬ ਦੀ ਆਈਟੀਆਈ ਨੂੰ ਅਪਗਰੇਡ ਕੀਤਾ ਜਾਵੇਗਾ ਤੇ 15 ਅਗਸਤ ਨੂੰ ਪੰਜਾਬ ਭਰ ਵਿੱਚ ਮੁਹੱਲਾ ਕਲੀਨਿਕ ਖੋਲ੍ਹੇ ਜਾ ਰਹੇ ਹਨ। ਭਗਵੰਤ ਮਾਨ ਨੇ ਧਰਨੇ ਦੇ ਰਹੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਉਨ੍ਹਾਂ ਦੀ ਸੁਣਵਾਈ ਕਰੇਗੀ ਤੇ ਭਰਤੀ ਪ੍ਰਕਿਰਿਆ ਵਿਚ ਉਨ੍ਹਾਂ ਨੂੰ ਉਮਰ ਹੱਦ ਵਿੱਚ ਛੋਟ ਦਿੱਤੀ ਜਾਵੇਗੀ। ਇਸ ਕਰਕੇ ਉਹ ਅਫ਼ਵਾਹਾਂ ਪਿੱਛੇ ਨਾ ਲੱਗਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਰੁਕੇ ਹੋਏ ਆਰ ਫ਼ੰਡ ਸਬੰਧੀ ਕੈਬਨਿਟ ’ਚ ਮਤਾ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜਿਆ ਸੀ ਤੇ ਕੇਂਦਰ ਸਰਕਾਰ ਨੇ 1760 ਕਰੋੜ ਰੁਪਏ ਰਿਲੀਜ਼ ਕਰ ਦਿੱਤੇ ਹਨ। ਕਰੈਡਿਟ ਲਿਸਟ ’ਤੇ 1 ਫੀਸਦ ਵਿਆਜ ਦਰ ਦੀ ਛੋਟ ਦਿੱਤੀ ਗਈ ਹੈ ਜਿਸ ਨਾਲ ਮੰਡੀਆਂ ਤੇ ਪੇਂਡੂ ਸੜਕਾਂ ਦਾ ਵਿਕਾਸ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਆ ਰਹੀ ਝੋਨੇ ਦੀ ਫ਼ਸਲ ਦਾ ਇਕ-ਇਕ ਦਾਣਾ ਖਰੀਦਿਆ ਜਾਵੇਗਾ ਤੇ ਖ਼ਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਬਾਹਰਲੇ ਰਾਜਾਂ ਤੋਂ ਸਸਤੇ ਭਾਅ ਝੋਨਾ ਲਿਆ ਕੇ ਵੇਚੇ ਜਾਣ ਬਾਰੇ ਉਨ੍ਹਾਂ ਕਿਹਾ ਕਿ ਜਿਹੜਾ ਸ਼ੈੱਲਰ ਮਾਲਕ ਬਾਹਰਲੇ ਸੂਬੇ ਦਾ ਝੋਨਾ ਖ਼ਰੀਦੇਗਾ, ਉਸ ਨੂੰ ਬਲੈਕ ਲਿਸਟ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਾਂਗਰਸ ਪਾਰਟੀ ਅਤੇ ਅਕਾਲੀਆਂ ਨੂੰ ਕਰਾਰੇ ਹੱਥੀਂ ਲੈਂਦਿਆਂ ਕਿਹਾ ਕਿ ਪੰਜਾਬ ਵਿੱਚ ਪਹਿਲਾਂ ਇਨ੍ਹਾਂ ਪਾਰਟੀਆਂ ਦਾ ਕੋਈ ਬਦਲ ਨਾ ਹੋਣ ਕਾਰਨ ਪਾਰਟੀਆਂ ਦੇ ਆਗੂ ਸੱਤਾ ਦੇ ਨਸ਼ੇ ਵਿਚ ਅੰਨ੍ਹੇ ਹੋ ਗਏ ਸਨ। ਇਸ ਕਾਰਨ ਲੋਕ ਬਦਲਾਅ ਚਾਹੁੰਦੇ ਸਨ ਜੋ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਪੰਜਾਬ ਦੇ ਲੋਕਾਂ ਦੇ ਖ਼ੂਨ-ਪਸੀਨੇ ਦੀ ਕਮਾਈ ਲੁੱਟੀ ਹੈ ਉਹ ਵਿਆਜ ਸਮੇਤ ਵਾਪਸ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕੇ ਜਿਨ੍ਹਾਂ ਪਾਰਟੀਆਂ ਨੇ ਹੁਣ ਤੱਕ ਜੇਲ੍ਹਾਂ ਦੀ ਸਾਰ ਨਹੀਂ ਲਈ ਉਹ ਅੱਜ ਜੇਲ੍ਹਾਂ ਵਿੱਚ ਸੁਧਾਰ ਲਈ ਮੰਗ ਪੱਤਰ ਦੇ ਰਹੇ ਹਨ।

ਇਸ ਮੌਕੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਦਲਬੀਰ ਸਿੰਘ ਟੌਂਗ ਨੇ ਮੁੱਖ ਮੰਤਰੀ ਸਮੇਤ ਉੱਥੇ ਪੁੱਜੇ ਕੈਬਨਿਟ ਮੰਤਰੀਆਂ ਨੂੰ ਜੀ ਆਇਆਂ ਕਿਹਾ ਅਤੇ ਇਲਾਕੇ ਵਿਚ ਪੁੱਜੀ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਲਾਲ ਚੰਦ ਕਟਾਰੂਚੱਕ, ਹਰਭਜਨ ਸਿੰਘ ਈਟੀਉ, ਇੰਦਰਬੀਰ ਸਿੰਘ ਨਿੱਝਰ ਸਮੇਤ ਵੱਡੀ ਗਿਣਤੀ ਵਿਚ ਵਿਧਾਇਕ ਹਾਜ਼ਰ ਸਨ।