ਟੋਰਾਂਟੋ— ਟੋਰਾਂਟੋ ‘ਚ ਸਥਿਤ ਯਾਰਕਵਿੱਲੇ ਗਹਿਣਿਆਂ ਦੇ ਸਟੋਰ ਦੇ ਬਾਹਰ ਇਕ ਵੱਡੇ ਆਕਾਰ ਦੀ ਸਗਾਈ ਰਿੰਗ ‘ਚ ਜੜਿਆ ਨਕਲੀ ਹੀਰਾ ਚੋਰੀ ਹੋ ਗਿਆ। ਸਟੋਰ ਦੇ ਮਾਲਕ ਨੇ ਦੱਸਿਆ ਕਿ ਇਹ ਚੋਰੀ ਸ਼ਨੀਵਾਰ ਦੀ ਸਵੇਰ ਨੂੰ ਤਕਰੀਬਨ 1.00 ਵਜੇ ਹੋਈ। ਮਾਲਕ ਨੇ ਦੱਸਿਆ ਕਿ ਚੋਰ ਵਲੋਂ ਚੋਰੀ ਕਰਨ ਦੀ ਸਾਰੀ ਘਟਨਾ ਸਟੋਰ ਦੇ ਬਾਹਰ ਲੱਗੇ ਨਿਗਰਾਨੀ ਕੈਮਰਿਆਂ ਵਿਚ ਕੈਦ ਹੋ ਗਈ। ਸਟੋਰ ਦੇ ਮਾਲਕ ਨੇ ਇਸ ਘਟਨਾ ਦੀ ਵੀਡੀਓ ਜਾਰੀ ਕੀਤੀ ਹੈ ਅਤੇ ਉਮੀਦ ਜ਼ਾਹਰ ਕੀਤੀ ਹੈ ਕਿ ਸ਼ੱਕੀ ਵਿਅਕਤੀ ਨੂੰ ਫੜਿਆ ਜਾ ਸਕੇ।
ਯਾਰਕਵਿੱਲੇ ‘ਚ ਗਹਿਣਿਆਂ ਦੀ ਦੁਕਾਨ ਦਾ ਨਾਂ ਲੌਰੋ ਐਂਡ ਸਨਜ਼ ਜਿਊਲਰੀ ਹੈ। ਮਾਲਕ ਦਾ ਕਹਿਣਾ ਹੈ ਕਿ ਵੀਡੀਓ ‘ਚ ਸਾਫ ਦੇਖਿਆ ਜਾ ਸਕਦਾ ਹੈ ਕਿ ਸੱਤ ਫੁੱਟ ਇਸ ਉੱਚੀ ਰਿੰਗ ਤੋਂ ਚੋਰ ਹਥੌੜੇ ਨਾਲ ਹੀਰੇ ਨੂੰ ਬਹੁਤ ਚਾਲਾਕੀ ਨਾਲ ਕੱਢ ਕੇ ਫਰਾਰ ਹੋ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਹੀਰੇ ਨੂੰ ਦਸੰਬਰ 2016 ‘ਚ ਜੜਿਆ ਗਿਆ ਸੀ ਅਤੇ ਉਦੋਂ ਤੋਂ ਇਸ ਮੂਰਤੀ ਦਾ ਡਿਜ਼ਾਈਨ ਸਾਡੇ ਸਟੋਰ ਦੀ ਇਕ ਵੱਡੀ ਪਛਾਣ ਬਣਿਆ ਹੋਇਆ ਹੈ। 
ਮਾਲਕ ਨੇ ਕਿਹਾ ਕਿ ਦੁਨੀਆ ਭਰ ਤੋਂ ਲੋਕ ਇਸ ਮੂਰਤੀ ਦੀਆਂ ਤਸਵੀਰਾਂ ਲੈਣ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਇਹ ਹੀਰਾ ਤਕਰੀਬਨ 25 ਪੌਂਡ ਦਾ ਕ੍ਰਿਸਟਲ ਸੀ, ਜਿਸ ਦੀ ਕੀਮਤ 7,000 ਅਮਰੀਕੀ ਡਾਲਰ ਹੈ। ਇਹ ਇਕ ਬਹੁਤ ਹੀ ਸ਼ਾਨਦਾਰ ਰਿੰਗ ਹੈ। ਇਹ ਕੈਨੇਡਾ ਵਿਚ ਸਭ ਤੋਂ ਵੱਡੀ ਰਿੰਗ ਹੈ। ਇਹ ਕ੍ਰਿਸਟਲ 13 ਇੰਚ ਦਾ ਅਤੇ ਇਸ ਦਾ ਭਾਰ 25 ਪੌਂਡ ਹੈ। ਮਾਲਕ ਨੇ ਕਿਹਾ ਕਿ ਦੇਖਣ ‘ਚ ਇਹ ਅਸਲੀ ਹੀਰੇ ਵਾਂਗ ਜਾਪਦਾ ਹੈ।