ਓਟਵਾ, 8 ਨਵੰਬਰ  : ਅੱਂਜ ਲਿਬਰਲ ਕਾਕਸ ਦੀ ਹੋਣ ਵਾਲੀ ਮੀਟਿੰਗ ਵਿੱਚ ਫੈਡਰਲ ਚੋਣ ਮੁਹਿੰਮ ਦਾ ਮੁੱਦਾ ਏਜੰਡੇ ਉੱਤੇ ਸੱਭ ਤੋਂ ਉੱਪਰ ਰਹਿਣ ਦੀ ਸੰਭਾਵਨਾ ਹੈ।
20 ਸਤੰਬਰ ਨੂੰ ਹੋਈਆਂ ਫੈਡਰਲ ਚੋਣਾਂ ਵਿੱਚ ਘੱਟਗਿਣਤੀ ਸਰਕਾਰ ਬਣ ਕੇ ਉੱਭਰਣ ਵਾਲੇ ਲਿਬਰਲ ਕਾਕਸ ਦੀ ਚੋਣਾਂ ਤੋਂ ਬਾਅਦ ਹੋਣ ਵਾਲੀ ਇਹ ਪਹਿਲੀ ਫੁੱਲ ਮੀਟਿੰਗ ਹੋਵੇਗੀ। ਥੋੜ੍ਹੀ ਪ੍ਰਸ਼ਾਸਨਿਕ ਗੱਲਬਾਤ ਤੋਂ ਬਾਅਦ ਲਿਬਰਲ ਐਮਪੀਜ਼ ਵੱਲੋਂ ਆਉਣ ਵਾਲੇ ਪਾਰਲੀਆਮੈਂਟਰੀ ਸੈਸ਼ਨ ਤੋਂ ਕਿਹੋ ਜਿਹੀ ਉਮੀਦ ਕੀਤੀ ਜਾਣੀ ਚਾਹੀਦੀ ਹੈ ਇਸ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਜਾ ਸਕਦਾ ਹੈ।
ਲਿਬਰਲਾਂ ਵੱਲੋਂ ਆਪਣੀ ਚੋਣ ਮੁਹਿੰਮ ਦੌਰਾਨ ਗ੍ਰੀਨ ਹਾਊਸ ਗੈਸਾਂ ਦੇ ਰਿਸਾਅ, ਪਾਬੰਦੀਸ਼ੁਦਾ ਹਥਿਆਰਾਂ ਲਈ ਮੁੜ ਖਰੀਦਣ ਸਬੰਧੀ ਪ੍ਰੋਗਰਾਮ ਨੂੰ ਲਾਗੂ ਕਰਨਾ, ਘਰਾਂ ਦੀ ਮਲਕੀਅਤ ਨੂੰ ਹੁਲਾਰਾ ਦੇਣਾ ਤੇ ਕੋਵਿਡ-19 ਖਿਲਾਫ ਲੜਾਈ ਨੂੰ ਸਿਰੇ ਲਾਉਣ ਆਦਿ ਵਰਗੇ ਵਾਅਦੇ ਕੀਤੇ ਗਏ ਸਨ।
ਪਾਰਲੀਆਮੈਂਟ ਦੀ ਕਰਵਾਈ 22 ਨਵੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ ਤੇ ਛੁੱਟੀਆਂ ਤੋਂ ਪਹਿਲਾਂ ਇਹ ਚਾਰ ਹਫਤਿਆਂ ਲਈ ਜਾਰੀ ਰਹੇਗੀ।