ਪੇਈਚਿੰਗ:ਚੀਨ ਦੀ ਇੱਕ ਅਦਾਲਤ ਨੇ ਅੱਜ ਚੀਨੀ-ਕੈਨੇਡਿਆਈ ਪੌਪ ਸਟਾਰ ਕ੍ਰਿਸ ਵੂ ਨੂੰ ਜਬਰ ਜਨਾਹ ਤੇ ਹੋਰ ਦੋਸ਼ਾਂ ਨਾਲ ਸਬੰਧਤ ਕੇਸ ਵਿੱਚ 13 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਪੇਈਚਿੰਗ ਦੀ ਚਾਓਯਾਂਗ ਜ਼ਿਲ੍ਹਾ ਅਦਾਲਤ ਨੇ ਕਿਹਾ ਕਿ ਵੂ ਨੂੰ 2020 ’ਚ ਜਬਰ ਜਨਾਹ ਲਈ 11 ਸਾਲ ਤੇ 6 ਮਹੀਨੇ ਅਤੇ ਇੱਕ ਹੋਰ ਘਟਨਾ ਲਈ 1 ਸਾਲ ਤੇ 10 ਮਹੀਨੇ ਕੈਦ ਦੀ ਸਜ਼ਾ ’ਤੇ ਸਹਿਮਤੀ ਬਣੀ ਹੈ। ਇਹ ਮਾਮਲਾ 2018 ਦਾ ਹੈ ਜਿਸ ਵਿੱਚ ਕ੍ਰਿਸ ਤੇ ਹੋਰ ਲੋਕਾਂ ਨੇ ਕਥਿਤ ਤੌਰ ’ਤੇ ਦੋ ਮਹਿਲਾਵਾਂ ਦਾ ਸਰੀਰਕ ਸ਼ੋਸ਼ਣ ਕੀਤਾ ਸੀ। ਅਦਾਲਤ ਨੇ ਕਿਹਾ ਕਿ ਜਬਰ ਜਨਾਹ ਪੀੜਤ ਤਿੰਨੋਂ ਔਰਤਾਂ ਨੇ ਸ਼ਰਾਬ ਪੀਤੀ ਹੋਈ ਸੀ ਤੇ ਉਹ ਇਸ ਦਾ ਵਿਰੋਧ ਨਹੀਂ ਕਰ ਸਕਦੀਆਂ ਸਨ।