ਨਵੀਂ ਦਿੱਲੀ, 17 ਮਾਰਚ

ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਕਿਹਾ ਕਿ ਉਸ ਨੇ ਚੀਨੀ ਕਰਜ਼ ਐਪਸ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਸਬੰਧੀ ਰਕਮ ਅਦਾਇਗੀ ਐਪ ਰੇਜ਼ਰਪੇਅ, ਚੀਨੀ ਨਾਗਰਿਕਾਂ ਦੀ ਮਾਲਕੀ ਵਾਲੀਆਂ ਤਿੰਨ ਫਿਨਟੈੱਕ ਫਰਮਾਂ, ਤਿੰਨ ਗ਼ੈਰਬੈਕਿੰਗ ਵਿੱਤੀ ਕੰਪਨੀਆਂ (ਐੱਨਬੀਐੱਫਸੀ) ਅਤੇ ਹੋਰਨਾਂ ਖ਼ਿਲਾਫ਼ ਦੋਸ਼ ਪੱਤਰ ਦਾਖ਼ਲ ਕੀਤਾ ਹੈ। ਇਸ ਵਿੱਚ ਦੋਸ਼ ਲਾਇਆ ਗਿਆ ਹੈ ਕਿ ਚੀਨੀ ਕਰਜ਼ ਐਪਸ ਨੇ ਕਈ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਹੈ।

ਸੰਘੀ ਜਾਂਚ ਏਜੰਸੀ ਨੇ ਬਿਆਨ ਵਿੱਚ ਕਿਹਾ ਕਿ ਬੰਗਲੌਰ ਸਥਿਤ ਵਿਸ਼ੇਸ਼ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐੱਮਐੱਲਏ) ਅਦਾਲਤ ਨੇ ਇਸਤਗਾਸਾ ਪੱਖ ਦੀ ਸ਼ਿਕਾਇਤ (ਦੋਸ਼ ਪੱਤਰ) ਦਾ ਨੋਟਿਸ ਲਿਆ ਹੈ। ਦੋਸ਼ ਪੱਤਰ ਵਿੱਚ ਕੁੱਲ ਸੱਤ ਕੰਪਨੀਆਂ ਅਤੇ ਪੰਜ ਵਿਅਕਤੀਆਂ ਨੂੰ ਮੁਲਜ਼ਮ ਬਣਾਇਆ ਗਿਆ ਹੈ। ਇਨ੍ਹਾਂ ਵਿੱਚ ਤਿੰਨ ਫਿਨਟੈੱਕ ਕੰਪਨੀਆਂ ‘ਮੈਡ ਐਲੀਫੈਂਟ ਨੈਟਵਰਕ ਟੈਕਨੋਲੋਜੀ ਪ੍ਰਾਈਵੇਟ ਲਿਮਟਡ’, ‘ਬੈਰਿਓਨਿਕਸ ਟੈਕਨੋਲੋਜੀ ਪ੍ਰਾਈਵੇਟ ਲਿਮਟਡ’ ਅਤੇ ਕਲਾਊਡ ਐਟਲਸ ਫਿਊਚਰ ਟੈਕਨੋਲੋਜੀ ਪ੍ਰਾਈਵੇਟ ਲਿਮਟਡ’ ਸ਼ਾਮਲ ਹਨ। ਇਨ੍ਹਾਂ ਫਰਮਾਂ ਨੂੰ ਚੀਨੀ ਨਾਗਰਿਕ ‘ਚਲਾਉਂਦੇ’ ਸਨ। ਆਰਬੀਆਈ ਕੋਲ ਰਜਿਸਟਰਡ ਤਿੰਨ ਗ਼ੈਰਬੈਂਕਿੰਗ ਵਿੱਤੀ ਕੰਪਨੀਆਂ (ਐੱਨਬੀਐੱਫਸੀ) ਵਿੱਚ ‘ਐਕਸ-10 ਫਾਇਨਾਂਸ਼ੀਅਲ ਸਰਵਿਸਿਜ਼ ਪ੍ਰਾਈਵੇਟ ਲਿਮਟਡ’, ‘ਟਰੈਕ ਫਿਨ-ਐਡ ਪ੍ਰਾਈਵੇਟ ਲਿਮਟਡ’ ਅਤੇ ‘ਜਮਨਾਦਾਸ ਮੋਰਾਰਜੀ ਫਾਇਨਾਂਸ ਪ੍ਰਾਈਵੇਟ ਲਿਮਟਡ’ ਨੂੰ ਵੀ ਮੁਲਜ਼ਮ ਬਣਾਇਆ ਗਿਆ ਹੈ। ਏਜੰਸੀ ਨੇ ਕਿਹਾ ਕਿ ਰਕਮ ਅਦਾਇਗੀ ਵਾਲੀ ਕੰਪਨੀ ਰੇਜ਼ਰਪੇਅ ਸਾਫਟਵੇਅਰ ਲਿਮਟਡ ਨੂੰ ਵੀ ਦੋਸ਼ ਪੱਤਰ ਵਿੱਚ ਸ਼ਾਮਲ ਕੀਤਾ ਗਿਆ ਹੈ। ਬੰਗਲੌਰ ਪੁਲੀਸ ਦੀ ਸੀਆਈਡੀ ਵੱਲੋਂ ਦਰਜ ਐੱਫਆਈਆਰ ਦੇ ਆਧਾਰ ’ਤੇ ਈਡੀ ਨੇ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕੀਤਾ ਹੈ।