ਮੁੰਬਈ:ਬੌਲੀਵੁੱਡ ਅਦਾਕਾਰ ਸਨੀ ਦਿਓਲ ਦਾ ਪੁੱਤਰ ਕਰਨ ਦਿਓਲ ਆਪਣੇ ਚਾਚਾ ਅਭੈ ਦਿਓਲ ਨਾਲ ਫ਼ਿਲਮ ‘ਵੈਲੀ’ ਵਿੱਚ ਕੰਮ ਕਰਨ ਲਈ ਕਾਫ਼ੀ ਉਤਸੁਕ ਹੈ। ਦੇਵਨ ਮੁੰਜਲ ਵੱਲੋਂ ਨਿਰਦੇਸ਼ਿਤ ਇਸ ਫ਼ਿਲਮ ਦਾ ਨਿਰਮਾਤਾ ਅਜੈ ਦੇਵਗਨ ਹੈ। ਕਰਨ ਨੂੰ ਇਹ ਸੁਫ਼ਨਾ ਸੱਚ ਹੋਣ ਵਰਗਾ ਲੱਗਦਾ ਹੈ, ਜਿਸ ਨੂੰ ਉਹ ਜੀਵਨ ਭਰ ਯਾਦ ਰੱਖੇਗਾ। ਕਰਨ ਆਪਣੇ ‘ਡਿੰਪੀ ਚਾਚਾ’ ਨਾਲ ਕੰਮ ਕਰਨ ਲਈ ਬਹੁਤ ਉਤਸ਼ਾਹਿਤ ਹੈ। ਉਸ ਨੇ ਕਿਹਾ,‘‘ਹਮੇਸ਼ਾ ਮੇਰੀ ਪਿੱਠ ਥਾਪੜਨ ਲਈ ਮੈਂ ‘ਡਿੰਪੀ ਚਾਚਾ’ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਉਹ ਮੇਰੇ ਲਈ ਪ੍ਰੇਰਨਾ ਸਰੋਤ ਰਹੇ ਹਨ ਅਤੇ ਉਨ੍ਹਾਂ ਨਾਲ ਕੀਤੇ ਕੰਮ ਨੂੰ ਮੈਂ ਹਮੇਸ਼ਾ ਯਾਦ ਰੱਖਾਂਗਾ।’’ ਇਹ ਫ਼ਿਲਮ ਤੇਲਗੂ ਫ਼ਿਲਮ ‘ਬਰੋਚੇਵਾਰੇਵਾਰੂਰਾ’ ਦੀ ਰੀਮੇਕ ਹੈ। ਕੁਝ ਸਮੇਂ ਤੋਂ ਵੱਡੇ ਪਰਦੇ ਤੋਂ ਦੂਰ ਰਹੇ ਅਭੈ ਦਿਓਲ ਕਰਨ ਦਿਓਲ ਨਾਲ ਸਕਰੀਨ ਸਾਂਝੀ ਕਰਨਗੇ। ਫ਼ਿਲਮ ‘ਪਲ ਪਲ ਦਿਲ ਕੇ ਪਾਸ’ ਦੇ ਅਦਾਕਾਰ ਨੇ ਕਿਹਾ, ‘‘ਮੈਂ ਸਾਰਿਆਂ ਨੂੰ ਇਹ ਦਿਖਾਉਣ ਲਈ ਬਹੁਤ ਉਤਸੁਕ ਹਾਂ ਕਿ ਅਸੀਂ ਕੀ ਸ਼ੂਟ ਕਰ ਰਹੇ ਹਾਂ।’’