ਘਟੀਆ ਲੋਕ

ਸੇਠ ਧਨਪਤ ਰਾਮ ਦਾ ਛੋਟਾ ਜਿਹਾ ਪੋਤਰਾ ਮੰਡੀ

ਵਿਚ ਕੰਮ ਕਰਦੇ ਮਜ਼ਦੂਰਾਂ ਦੇ ਬੱਚਿਆਂ ਨਾਲ ਖੇਡ

ਰਿਹਾ ਸੀ।

ਅਚਾਨਕ ਸੇਠ ਦੀ ਨਜ਼ਰ ਉਸ ’ਤੇ ਪਈ। ਉਸ ਨੇ ਫਟਾਫਟ ਨੌਕਰ ਨੂੰ ਭੇਜ ਕੇ ਬੱਚੇ ਨੂੰ ਆਪਣੇ ਕੋਲ ਬੁਲਵਾਇਆ ਅਤੇ ਤਾੜਨਾ ਭਰੇ ਲਹਿਜੇ ਵਿਚ ਕਿਹਾ, ‘‘ਦੇਖੋ ਬੇਟਾ, ਇਨ੍ਹਾਂ ਬੱਚਿਆਂ ਨਾਲ ਨਹੀਂ ਖੇਡੀਦਾ।’’

‘‘ਕਿਉਂ?’’ ਬੱਚੇ ਨੇ ਭੋਲੇਪਣ ਨਾਲ ਪੁੱਛਿਆ।

‘‘ਕਿਉਂਕਿ ਇਹ ਬੱਚੇ ਘਟੀਆ ਲੋਕਾਂ ਦੇ ਹਨ।’’

‘‘ਘਟੀਆ ਲੋਕ ਕੌਣ ਹੁੰਦੇ ਨੇ, ਦਾਦਾ ਜੀ?’’ ਬੱਚੇ ਨੇ ਜਿਗਿਆਸਾ ਵੱਸ ਪੁੱਛਿਆ।

‘‘ਜਿਹੜੇ ਲੋਕ ਘਟੀਆ ਕੰਮ ਕਰਦੇ ਹਨ, ਜਿਵੇਂ ਇਹ ਲੋਕ ਮਿੱਟੀ ਘੱਟੇ ਵਿਚ ਅਨਾਜ ਸਾਫ਼ ਕਰਦੇ ਹਨ।’’

ਇਹ ਸੁਣ ਕੇ ਬੱਚਾ ਬੜੇ ਭੋਲੇਪਣ ਨਾਲ ਬੋਲਿਆ, ‘‘ਦਾਦੂ, ਪਰ ਕੱਲ੍ਹ ਇਕ ਮਜ਼ਦੂਰ ਦੂਜਿਆਂ ਨੂੰ ਕਹਿ ਰਿਹਾ ਸੀ ਕਿ ਸੇਠ ਧਨਪਤ ਬਹੁਤ ਘਟੀਆ ਆਦਮੀ ਹੈ। ਉਹ ਮਜ਼ਦੂਰਾਂ ਦੀ ਅੱਧੀ ਦਿਹਾੜੀ ਖਾ ਜਾਂਦਾ ਹੈ।’’

‘‘ਤਾਹੀਓਂ ਤਾਂ ਤੈਨੂੰ ਕਿਹਾ ਹੈ ਇਨ੍ਹਾਂ ਘਟੀਆ ਲੋਕਾਂ ਵਿਚ ਨਾ ਖੇਡਿਆ ਕਰ,’’ ਸੇਠ ਨੇ ਇਹ ਕਹਿ ਕੇ ਤੇ ਬੱਚੇ ਨੂੰ ਚਪੇੜ ਮਾਰ ਕੇ ਘਰ ਨੂੰ ਭਜਾ ਦਿੱਤਾ।

ਪਰ ਉਸ ਨੂੰ ਇੰਜ ਜਾਪ ਰਿਹਾ ਸੀ ਜਿਵੇਂ ਚਪੇੜ ਉਸ ਦੇ ਆਪਣੇ ਮੂੰਹ ’ਤੇ ਵੱਜੀ ਹੋਵੇ। ਇਸ ਲਈ ਉਹ ਬੁੜਬੁੜਾਇਆ, ‘‘ਘਟੀਆ ਲੋਕ…।’’
– ਲਖਵਿੰਦਰ ਸਿੰਘ ਬਾਜਵਾ