ਮੁੰਬਈ:ਆਲੀਆ ਭੱਟ ਦੀ ਫ਼ਿਲਮ ‘ਗੰਗੂਬਾਈ ਕਾਠੀਆਵਾੜੀ’ ਨੇ ਬੌਕਸ ਆਫਿਸ ’ਤੇ ਕਮਾਈ ਕਰਦਿਆਂ 100 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ। ਆਲੀਆ ਭੱਟ ਨੇ ਇਸ ਫਿਲਮ ਵਿੱਚ ਲੇਖਕ ਐੱਸ ਹੁਸੈਨ ਜ਼ੈਦੀ ਦੀ ਕਿਤਾਬ ‘ਮਾਫੀਆ ਕੁਈਨਜ਼ ਆਫ ਮੁੰਬਈ’ ’ਤੇ ਆਧਾਰਿਤ 1960 ਦੇ ਦਹਾਕੇ ਦੌਰਾਨ ਮੁੰਬਈ ਦੇ ਕਮਾਠੀਪੁਰਾ ਇਲਾਕੇ ਦੀਆਂ ਸਭ ਤੋਂ ਸ਼ਕਤੀਸ਼ਾਲੀ, ਪਿਆਰੀਆਂ ਅਤੇ ਸਤਿਕਾਰਤ ਮਹਿਲਾਵਾਂ ਵਿੱਚੋਂ ਇੱਕ ਦਾ ਕਿਰਦਾਰ ਪੇਸ਼ ਕੀਤਾ ਹੈ। ਫਿਲਮ ਦਾ ਨਿਰਦੇਸ਼ਨ ਸੰਜੈ ਲੀਲਾ ਭੰਸਾਲੀ ਨੇ ਕੀਤਾ ਹੈ। ਭੰਸਾਲੀ ਪ੍ਰੋਡਕਸ਼ਨਜ਼ ਦੇ ਨਿਰਮਾਤਾਵਾਂ ਨੇ ਆਪਣੇ ਟਵਿੱਟਰ ਖਾਤੇ ’ਤੇ ਬੌਕਸ ਆਫਿਸ ’ਤੇ ਹੋਈ ਫਿਲਮ ਦੀ ਕਮਾਈ ਦਾ ਲੇਖਾ-ਜੋਖਾ ਸਾਂਝਾ ਕੀਤਾ ਹੈ। ਆਲੀਆ ਨੇ ਖੁਸ਼ੀ ਜ਼ਾਹਿਰ ਕਰਦਿਆਂ ਇੱਕ ਰੈਸਤਰਾਂ ’ਚ ਬੈਠੀ ਦੀ ਆਪਣੀ ਪੋਸਟ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ।