ਲੁਧਿਆਣਾ, 24 ਨਵੰਬਰ

ਮੌਜੂਦਾ ਦੌਰ ਵਿੱਚ ਜਿੱਥੇ ਕਈ ਲੋਕ ਆਪਣੇ ਸਕੇ ਬੱਚਿਆਂ ’ਤੇ ਪੈਸੇ ਖਰਚ ਕਰਨ ਤੋਂ ਕੰਨੀਂ ਕਤਰਾਉਣ ਲੱਗ ਪੈਂਦੇ ਹਨ ਉੱਥੇ ਲੁਧਿਆਣਾ ਦੇ ਇੱਕ ਪਰਿਵਾਰ ਨੂੰ ਗੋਦ ਲਈ ਬੱਚੀ ਗੁਰਬਾਣੀ ਦੇ ਇਲਾਜ ਲਈ ਕਰਜ਼ੇ ’ਤੇ ਲਿਆ ਆਪਣਾ ਆਟੋ ਤਕ ਵੇਚਣਾ ਪੈ ਗਿਆ ਹੈ। ਪਰਿਵਾਰ ਅਨੁਸਾਰ ਇਸ ਬੱਚੀ ਦੇ ਇਲਾਜ ’ਤੇ ਹੁਣ ਤਕ ਹਜ਼ਾਰਾਂ ਰੁਪਏ ਖਰਚ ਹੋ ਗਏ ਹਨ ਅਤੇ ਡਾਕਟਰਾਂ ਵੱਲੋਂ ਇਸ ਦੇ ਇਲਾਜ ’ਤੇ ਹਾਲੇ ਕਰੀਬ ਲੱਖ ਤੋਂ ਵੱਧ ਖਰਚ ਆਉਣ ਦੀ ਗੱਲ ਆਖੀ ਜਾ ਰਹੀ ਹੈ। ਇਹ ਬੱਚੀ ਲੁਧਿਆਣਾ ਦੇ ਓਰੀਸਨ ਹਸਪਤਾਲ ਵਿਚ ਇਲਾਜ ਅਧੀਨ ਹੈ। ਜਗਰਾਉਂ ਦੀ ਰਹਿਣ ਵਾਲੀ ਸੀਮਾ ਨੇ ਦੱਸਿਆ ਕਿ ਉਨ੍ਹਾਂ ਦੇ ਵਿਆਹ ਨੂੰ ਕਰੀਬ ਗਿਆਰਾਂ ਸਾਲ ਹੋਣ ’ਤੇ ਵੀ ਕੋਈ ਔਲਾਦ ਨਾ ਹੋਈ ਤਾਂ ਉਨ੍ਹਾਂ ਬੀਤੀ ਛੇ ਸਤੰਬਰ ਨੂੰ ਚਾਰ ਦਿਨਾਂ ਦੀ ਬੱਚੀ ਗੁਰਬਾਣੀ ਗੋਦ ਲੈ ਲਈ। ਕੁਝ ਦਿਨਾਂ ਬਾਅਦ ਹੀ ਉਹ ਬਿਮਾਰ ਰਹਿਣ ਲੱਗ ਗਈ। ਜਦੋਂ ਡਾਕਟਰਾਂ ਨੂੰ ਦਿਖਾਇਆ ਤਾਂ ਉਨ੍ਹਾਂ ਦੱਸਿਆ ਕਿ ਬੱਚੀ ਦੇ ਦਿਮਾਗ ਵਿੱਚ ਪਾਣੀ ਭਰਦਾ ਹੈ। ਲੁਧਿਆਣਾ ਦੇ ਇੱਕ ਹਸਪਤਾਲ ਵਿੱਚ ਦਿਖਾਉਣ ਤੋਂ ਬਾਅਦ ਉਹ ਬੱਚੀ ਨੂੰ ਪੀਜੀਆਈ ਚੰਡੀਗੜ੍ਹ ਲੈ ਗਏ। ਜਦੋਂ ਉੱਥੇ ਇਲਾਜ ਤਸੱਲੀਬਖਸ਼ ਨਾ ਲੱਗਾ ਤਾਂ ਉਹ ਦੁਬਾਰਾ ਲੁਧਿਆਣਾ ਦੇ ਓਰੀਸਨ ਹਸਪਤਾਲ ਵਿੱਚ ਲੈ ਆਏ। ਇੱਥੇ ਡਾਕਟਰਾਂ ਨੇ ਉਸ ਦੇ ਸਿਰ ਵਿੱਚ ਬਟਨ ਲਾ ਕੇ ਪਾਣੀ ਕੱਢ ਦਿੱਤਾ ਅਤੇ ਇਨਫੈਕਸ਼ਨ ਖਤਮ ਹੋਣ ਤੋਂ ਬਾਅਦ ਸਟੰਟ ਪਾਉਣ ਦੀ ਗੱਲ ਆਖੀ ਹੈ।

ਸੀਮਾ ਨੇ ਦੱਸਿਆ ਕਿ ਬੱਚੀ ਦੇ ਇਲਾਜ ਲਈ ਆਟੋ ਵੇਚਣਾ ਪੈ ਗਿਆ। ਹੁਣ ਉਸ ਦਾ ਪਤੀ ਬੇਰੁਜ਼ਗਾਰ ਹੈ ਤੇ ਉਹ ਬੱਚੀ ਦਾ ਇਲਾਜ ਕਰਵਾਉਣ ਤੋਂ ਵੀ ਅਸਮਰਥ ਹੋ ਗਏ ਹਨ। ਉਸ ਨੇ ਸਮਾਜ ਸੇਵੀ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਬੱਚੀ ਦਾ ਇਲਾਜ ਕਰਵਾਉਣ ਲਈ ਮਦਦ ਕਰਨ। ਬੱਚੀ ਦੇ ਇਲਾਜ ਲਈ ਪੰਜਾਬ ਨੈਸ਼ਨਲ ਬੈਂਕ ਦੇ ਅਕਾਊਂਟ ਨੰਬਰ 1805000105491370 ਰਾਹੀਂ ਮਦਦ ਕੀਤੀ ਜਾ ਸਕਦੀ ਹੈ ਜਾਂ ਉਸ ਦੇ ਮੋਬਾਈਲ ਨੰਬਰ 6284523070 ’ਤੇ ਸੰਪਰਕ ਕੀਤਾ ਜਾ ਸਕਦਾ ਹੈ।