ਅਹਿਮਦਾਬਾਦ, 2 ਅਪਰੈਲ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਪੰਜਾਬ ਦੇ ਹਮਰੁਤਬਾ ਭਗਵੰਤ ਮਾਨ ਨੇ ਅੱਜ ਅਹਿਮਦਾਬਾਦ ਦੇ ਸਾਬਰਮਤੀ ਆਸ਼ਰਮ ਦਾ ਦੌਰਾ ਕੀਤਾ। ਦੋਵਾਂ ਨੇਤਾਵਾਂ ਨੇ ਚਰਖਾ ਵੀ ਕੱਤਿਆ। ਆਮ ਆਦਮੀ ਪਾਰਟੀ (ਆਪ) ਦੇ ਦੋਵੇਂ ਆਗੂ ਸ਼ੁੱਕਰਵਾਰ ਰਾਤ ਨੂੰ ਸ਼ਹਿਰ ਪਹੁੰਚੇ। ਭਾਜਪਾ ਸ਼ਾਸਤ ਗੁਜਰਾਤ ਦੇ ਉਨ੍ਹਾਂ ਦੇ ਦੌਰੇ ਨੂੰ ਇਸ ਸਾਲ ਦੇ ਅੰਤ ਤੱਕ ਹੋਣ ਵਾਲੀਆਂ ਰਾਜ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੀ ਪਾਰਟੀ ਲਈ ਆਧਾਰ ਤਿਆਰ ਕਰਨ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। ਕੇਜਰੀਵਾਲ ਅਤੇ ਮਾਨ ਨੇ ਸਾਬਰਮਤੀ ਆਸ਼ਰਮ ਵਿੱਚ ਮਹਾਤਮਾ ਗਾਂਧੀ ਦੇ ਠਹਿਰਣ ਵਾਲੀ ਥਾਂ ਹਿਰਦੇ ਕੁੰਜ ਦਾ ਦੌਰਾ ਕੀਤਾ ਅਤੇ ਉੱਥੇ ਅਜਾਇਬ ਘਰ ਵੀ ਗਏ। ਉਨ੍ਹਾਂ ਨੇ ਆਸ਼ਰਮ ਦੀ ਵਿਜ਼ਟਰ ਬੁੱਕ ਵਿੱਚ ਵੀ ਆਪਣੀ ਰਾਏ ਲਿਖੀ, ਜਿੱਥੇ ਇਸ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਛੋਟਾ ਚਰਖਾ ਅਤੇ ਮਹਾਤਮਾ ਗਾਂਧੀ ਦੇ ਜੀਵਨ ਬਾਰੇ ਕਿਤਾਬਾਂ ਭੇਟ ਕੀਤੀਆਂ।