ਮੁੰਬਈ:ਫਿਲਮ ਅਦਾਕਾਰਾ ਵਾਮਿਕਾ ਗੱਬੀ ਨੇ ਅੱਜ ਸੋਸ਼ਲ ਮੀਡੀਆ ’ਤੇ ਦੱਸਿਆ ਕਿ ਉਸ ਨੇ ਹਾਲ ਹੀ ਵਿੱਚ ਵਿਸ਼ਾਲ ਭਾਰਦਵਾਜ ਦੀ ਜਾਸੂਸੀ ਥ੍ਰਿਲਰ ਫਿਲਮ ‘ਖੁਫੀਆ’ ਦੀ ਸ਼ੂਟਿੰਗ ਸ਼ੁਰੂ ਕੀਤੀ ਹੈ। ਨੈੱਟਫਲਿਕਸ ਦੇ ਇਸ ਪ੍ਰਾਜੈਕਟ ਵਿੱਚ ਤੱਬੂ, ਅਲੀ ਫਜ਼ਲ ਤੇ ਆਸ਼ੀਸ਼ ਵਿਦਿਆਰਥੀ ਵੀ ਨਜ਼ਰ ਆਉਣਗੇ। ਦਿੱਲੀ ਵਿੱਚ ਫਿਲਮ ਲਈ ਸ਼ੂਟਿੰਗ ਕਰ ਰਹੀ ਵਾਮਿਕਾ ਨੇ ਇੰਸਟਾਗ੍ਰਾਮ ’ਤੇ ਆਪਣੇ ਹੱਥ ਵਿੱਚ ਫੜੀ ਸਕਰਿਪਟ ਦੀ ਵੀਡੀਓ ਸਾਂਝੀ ਕਰਦਿਆਂ ਲਿਖਿਆ ਹੈ, ‘ਚੁੱਪ ਚੁੱਪ ਚੁੱਪ! ਮੇਰੇ ਕੋਲ ਕੁਝ ‘ਖੁਫੀਆ’ ਕਾਗਜ਼ (ਸਕਰਿਪਟ) ਹਨ। #ਨਵਾਂ ਪ੍ਰਾਜੈਕਟ#ਉਤਸੁੁਕ#ਨੈੱਟਫਲਿਕਸਇੰਡੀਆ/।’’ ਜ਼ਿਕਰਯੋਗ ਹੈ ਕਿ 28 ਸਾਲਾ ਅਦਾਕਾਰਾ ਇਸ ਤੋਂ ਪਹਿਲਾਂ ਹਿੰਦੀ, ਪੰਜਾਬੀ, ਮਲਿਆਲਮ, ਤਾਮਿਲ ਅਤੇ ਤੇਲਗੂ ਫਿਲਮਾਂ ਵਿੱਚ ਕੰਮ ਕਰ ਚੁੱਕੀ ਹੈ। ਹਾਲ ਹੀ ਵਿੱਚ ਵਾਮਿਕਾ ਡਿਜ਼ਨੀ+ਹੌਟਸਟਾਰ ਦੀ ਸੀਰੀਜ਼ ‘ਗ੍ਰਹਿਣ’ ਵਿੱਚ ਨਜ਼ਰ ਆਈ ਸੀ। ਗੌਰਤਲਬ ਹੈ ਕਿ ‘ਖੁਫੀਆ’ ਦੀ ਕਹਾਣੀ ਸੱਚੀਆਂ ਘਟਨਾਵਾਂ ’ਤੇ ਆਧਾਰਿਤ ਤੇ ਅਮਰ ਭੂਸ਼ਣ ਦੇ ਪ੍ਰਸਿੱਧ ਨਾਵਲ ‘ਐਸਕੇਪ ਟੂ ਨੋਵੇਅਰ’ ਤੋਂ ਪ੍ਰੇਰਿਤ ਹੈ। ਇਹ ਫਿਲਮ ਕ੍ਰਿਸ਼ਨਾ ਮਹਿਰਾ ਦੁਆਲੇ ਘੁੰਮਦੀ ਹੈ, ਜੋ ‘ਰਾਅ’ ਲਈ ਕੰਮ ਕਰਦੀ ਹੈ।