ਹਰਿੰਦਰ ਸਿੰਘ ਗੋਗਨਾ

ਹੈਰੀ ਅੱਜ ਕਾਫ਼ੀ ਖ਼ੁਸ਼ ਸੀ ਕਿਉਂਕਿ ਉਸ ਦੇ ਚਾਚਾ ਜੀ ਦਾ ਲੜਕਾ ਸੰਜੇ ਉਨ੍ਹਾਂ ਕੋਲ ਕੁਝ ਦਿਨ ਰਹਿਣ ਲਈ ਆ ਰਿਹਾ ਸੀ। ਸੰਜੇ ਤੇ ਹੈਰੀ ਦਾ ਆਪਸ ਵਿਚ ਕਾਫ਼ੀ ਪਿਆਰ ਸੀ, ਪਰ ਹੈਰੀ ਜਿੱਥੇ ਸਵਾਰਥੀ ਤੇ ਕੰਮ ਚੋਰ ਸੀ ਉੱਥੇ ਸੰਜੇ ਭੋਲਾ-ਭਾਲਾ ਤੇ ਦੂਜਿਆਂ ਦੇ ਕੰਮ ਆਉਣ ਵਾਲਾ ਲੜਕਾ ਸੀ।

ਹੈਰੀ ਦੇ ਮੰਮੀ-ਪਾਪਾ ਜਦੋਂ ਵੀ ਉਸ ਨੂੰ ਕੋਈ ਕੰਮ ਕਰਨ ਲਈ ਕਹਿੰਦੇ ਤਾਂ ਉਹ ਅੱਗੋਂ ਕਹਿੰਦਾ,‘ਬਸ ਇਕ ਮਿੰਟ…।’ ਤੇ ਫਿਰ ਉਹ ਟਲ ਜਾਂਦਾ ਸੀ। ਉਸ ਦੇ ਮੰਮੀ-ਪਾਪਾ ਉਸ ਦੀ ਇਸ ਆਦਤ ਤੋਂ ਪਰੇਸ਼ਾਨ ਸਨ। ਹੈਰੀ ਦੇ ਚਾਚਾ ਜੀ ਦਾ ਲੜਕਾ ਸੰਜੇ ਉਨ੍ਹਾਂ ਕੋਲ ਆਇਆ ਤਾਂ ਹੈਰੀ ਦੀ ਆਦਤ ਹੋਰ ਵਿਗੜ ਗਈ। ਹੈਰੀ ਆਪਣੀ ਆਦਤ ਮੁਤਾਬਿਕ ਹਰ ਕੰਮ ਲਈ ਟਲਦਾ ਰਹਿੰਦਾ ਤੇ ਜਦੋਂ ਮੌਕਾ ਮਿਲਦਾ ਸੰਜੇ ਨੂੰ ਆਪਣਾ ਕੰਮ ਕਰਨ ਲਈ ਕਹਿ ਦਿੰਦਾ। ਸੰਜੇ ਚੁੱਪਚਾਪ ਮੁਸਕਰਾ ਕੇ ਉਸ ਦੀ ਗੱਲ ਮੰਨ ਲੈਂਦਾ। ਹੈਰੀ ਦੇ ਮੰਮੀ-ਪਾਪਾ ਵੇਖਦੇ ਤਾਂ ਸੰਜੇ ਨੂੰ ਕਹਿੰਦੇ ‘ਇਸ ਦਾ ਕੰਮ ਕਰਨ ਦੀ ਲੋੜ ਨਹੀਂ ਇਹ ਤਾਂ ਪਹਿਲਾਂ ਹੀ ਕੰਮ ਚੋਰ ਹੈ…।’

ਇਕ ਸਵੇਰ ਹੈਰੀ ਨੇ ਸੰਜੇ ਨੂੰ ਕਿਹਾ,‘ਸੰਜੇ, ਮੇਰਾ ਹੋਮਵਰਕ ਕਰਨਾ ਰਹਿ ਗਿਆ ਹੈ। ਪਲੀਜ਼ ਮੇਰਾ ਕੰਮ ਕਰ ਦੇ।’ ਸੰਜੇ ਨੇ ਮੁਸਕਰਾ ਕੇ ਹਾਂ ਕਰ ਦਿੱਤੀ ਤੇ ਹੈਰੀ ਦਾ ਹੋਮਵਰਕ ਕਾਫ਼ੀ ਹੱਦ ਤੱਕ ਮੁਕਾ ਦਿੱਤਾ।

ਹੈਰੀ ਦੇ ਅਧਿਆਪਕ ਉਨ੍ਹਾਂ ਦੇ ਘਰ ਕੋਲ ਹੀ ਰਹਿੰਦੇ ਸਨ। ਇਕ ਦਿਨ ਉਹ ਇਹ ਸੋਚ ਕੇ ਕਿ ਲੰਘਦੇ ਹੋਏ ਹੈਰੀ ਨੂੰ ਹੀ ਮਿਲ ਲੈਣ, ਉਨ੍ਹਾਂ ਦੇ ਘਰ ਆ ਗਏ। ਉਸ ਸਮੇਂ ਹੈਰੀ ਘਰ ਨਹੀਂ ਸੀ ਤੇ ਲਾਗੇ ਦੀ ਦੁਕਾਨ ਤੋਂ ਕੁਝ ਲੈਣ ਗਿਆ ਸੀ। ਅਧਿਆਪਕ ਨੇ ਦੇਖਿਆ ਕਿ ਇਕ ਲੜਕਾ ਬੜੀ ਲਗਨ ਨਾਲ ਹੋਮਵਰਕ ਕਰ ਰਿਹਾ ਹੈ। ਉਨ੍ਹਾਂ ਨੇ ਪਾਣੀ ਦਾ ਗਲਾਸ ਫੜਦਿਆਂ ਹੈਰੀ ਦੇ ਪਾਪਾ ਕੋਲੋਂ ਪੁੱਛਿਆ, ‘ਇਹ ਲੜਕਾ ਕੌਣ ਹੈ?’ ਹੈਰੀ ਦੇ ਪਾਪਾ ਨੇ ਦੱਸਿਆ ਕਿ ਇਹ ਉਨ੍ਹਾਂ ਦੇ ਵੱਡੇ ਭਰਾ ਦਾ ਬੇਟਾ ਸੰਜੇ ਹੈ ਤੇ ਕੁਝ ਦਿਨ ਰਹਿਣ ਵਾਸਤੇ ਆਇਆ ਹੈ। ਉਨ੍ਹਾਂ ਨੇ ਹੈਰੀ ਦੀ ਸ਼ਿਕਾਇਤ ਦੇ ਲਹਿਜੇ ਵਿਚ ਅਧਿਆਪਕ ਨੂੰ ਇਹ ਵੀ ਦੱਸਿਆ ਕਿ ਹੈਰੀ ਆਪਣਾ ਹੋਮਵਰਕ ਇਸ ਕੋਲੋਂ ਕਰਵਾਉਂਦਾ ਹੈ। ਉਸ ਨੂੰ ਡਾਂਟਦੇ ਹਾਂ ਤਾਂ ਨਾਰਾਜ਼ ਹੋ ਜਾਂਦਾ ਹੈ ਤੇ ਖਾਣਾ ਪੀਣਾ ਤੱਕ ਛੱਡ ਦਿੰਦਾ ਹੈ। ਅਧਿਆਪਕ ਸਮਝ ਗਏ ਕਿ ਹੈਰੀ ਨੂੰ ਆਪਣਾ ਕੰਮ ਦੂਜਿਆਂ ਕੋਲੋਂ ਕਰਵਾਉਣ ਦੀ ਭੈੜੀ ਆਦਤ ਹੈ। ਇੱਥੋਂ ਤੱਕ ਕਿ ਉਹ ਹੋਮਵਰਕ ਵੀ ਆਪ ਨਹੀਂ ਕਰਦਾ।

ਅਧਿਆਪਕ ਨੇ ਸੰਜੇ ਨੂੰ ਆਪਣੇ ਕੋਲ ਬੁਲਾਇਆ ਤੇ ਦੇਖਿਆ ਕਿ ਉਸ ਦੀ ਲਿਖਾਈ ਕਿੰਨੀ ਸੋਹਣੀ ਹੈ। ਉਨ੍ਹਾਂ ਨੇ ਸੰਜੇ ਨੂੰ ਸ਼ਾਬਾਸ਼ੀ ਦਿੰਦੇ ਹੋਏ ਕੁਝ ਸਮਝਾਇਆ ਤੇ ਫਿਰ ਹੈਰੀ ਦੇ ਪਾਪਾ ਨਾਲ ਗੱਲਾਂ ਕਰਨ ਲੱਗੇ। ਇੰਨੇ ਵਿਚ ਹੀ ਹੈਰੀ ਦੁਕਾਨ ਤੋਂ ਕੋਲਡ ਡ੍ਰਿੰਕ ਤੇ ਕੁਰਕੁਰੇ ਲੈ ਕੇ ਕਮਰੇ ਅੰਦਰ ਆਇਆ ਤਾਂ ਆਪਣੇ ਅਧਿਆਪਕ ਨੂੰ ਦੇਖ ਕੇ ਹੈਰਾਨ ਰਹਿ ਗਿਆ ਤੇ ਨਮਸਕਾਰ ਬੁਲਾ ਕੇ ਉਨ੍ਹਾਂ ਕੋਲ ਬੜੀ ਹਲੀਮੀ ਨਾਲ ਬੈਠ ਗਿਆ।

‘ਪੜ੍ਹਾਈ ਕਿਵੇਂ ਚੱਲ ਰਹੀ ਐ ਹੈਰੀ ਬੇਟਾ…?’ ਅਧਿਆਪਕ ਨੇ ਪਿਆਰ ਨਾਲ ਹੈਰੀ ਦੇ ਮੋਢੇ ’ਤੇ ਹੱਥ ਰੱਖਦਿਆਂ ਪੁੱਛਿਆ ਤਾਂ ਉਸ ਨੇ ਝੱਟ ਕਿਹਾ,‘ਸਰ, ਬਹੁਤ ਵਧੀਆ।’ ਹੈਰੀ ਨੇ ਚੋਰ ਨਜ਼ਰ ਨਾਲ ਆਪਣੀਆਂ ਕਾਪੀਆਂ ਕਿਤਾਬਾਂ ਵੱਲ ਦੇਖਿਆ, ਫਿਰ ਸੰਜੇ ਵੱਲ ਜਿਹੜਾ ਕਿ ਰਸੋਈ ਵਿਚ ਉਸ ਦੇ ਮੰਮੀ ਨਾਲ ਕਿਸੇ ਕੰਮ ਵਿਚ ਹੱਥ ਵਟਾ ਰਿਹਾ ਸੀ।

‘ਲਿਆ ਵੇਖਾਂ ਤਾਂ ਅੱਜਕੱਲ੍ਹ ਤੂੰ ਕੀ ਕਰ ਰਿਹਾ ਹੈਂ ? ਆਪਣੀ ਕੋਈ ਕਾਪੀ ਵਿਖਾ।’ ਅਧਿਆਪਕ ਨੇ ਚਾਲਾਕੀ ਨਾਲ ਕਿਹਾ ਤਾਂ ਹੈਰੀ ਇਕ ਕਾਪੀ ਚੁੱਕ ਲਿਆਇਆ।

‘ਵਾਹ ਇੰਨੀ ਸੋਹਣੀ ਲਿਖਾਈ। ਤੂੰ ਆਪਣੀ ਲਿਖਾਈ ਵਿਚ ਕਾਫ਼ੀ ਸੁਧਾਰ ਕਰ ਲਿਆ ਹੈ। ਕਿਧਰੇ ਕੋਈ ਗ਼ਲਤੀ ਵੀ ਨਹੀਂ ਜਾਪਦੀ। ਬੜੇ ਧਿਆਨ ਨਾਲ ਤੂੰ ਪੜ੍ਹ ਰਿਹਾ ਹੈਂ। ਸ਼ਾਬਾਸ਼ ਮੈਨੂੰ ਤੇਰੇ ’ਤੇ ਮਾਣ ਹੈ।’ ਅਧਿਆਪਕ ਨੇ ਸਭ ਕੁਝ ਜਾਣਦਿਆਂ ਅਣਜਾਣ ਬਣਦਿਆਂ ਕਿਹਾ ਤਾਂ ਪਹਿਲਾਂ ਤਾਂ ਹੈਰੀ ਕਾਫ਼ੀ ਖ਼ੁਸ਼ ਹੋਇਆ ਕਿ ਉਸ ਦੀ ਤਾਰੀਫ਼ ਹੋ ਰਹੀ ਹੈ, ਪਰ ਫਿਰ ਜਲਦੀ ਹੀ ਉਸ ਨੂੰ ਅਹਿਸਾਸ ਹੋਇਆ ਕਿ ਜੇਕਰ ਉਹ ਇਹੋ ਹੋਮਵਰਕ ਖ਼ੁਦ ਲਗਨ ਤੇ ਇਮਾਨਦਾਰੀ ਨਾਲ ਕਰਦਾ ਤਾਂ ਉਸ ਨੂੰ ਅੱਜ ਕਿੰਨੀ ਸੱਚੀ ਖ਼ੁਸ਼ੀ ਹੁੰਦੀ। ਇਸ ਸ਼ਾਬਾਸ਼ੀ ਦਾ ਹੱਕਦਾਰ ਤਾਂ ਸੰਜੇ ਹੈ। ਪਹਿਲੀ ਵਾਰ ਉਸ ਨੂੰ ਅਹਿਸਾਸ ਹੋ ਰਿਹਾ ਸੀ ਕਿ ਉਹ ਕਿੰਨਾ ਸਵਾਰਥੀ ਤੇ ਕੰਮ ਚੋਰ ਹੈ। ਦੂਜਿਆਂ ਦੀ ਮਿਹਨਤ ’ਤੇ ਕਲਾ ਦਾ ਸਿਹਰਾ ਵੀ ਚੁੱਪਚਾਪ ਲੈ ਗਿਆ। ਉਸ ਦੀ ਆਤਮਾ ਉਸ ਨੂੰ ਜਿਵੇਂ ਅੰਦਰ ਹੀ ਅੰਦਰ ਝੰਜੋੜਨ ਲੱਗੀ ਸੀ। ਉਸ ਦੇ ਮਨ ’ਤੇ ਸਾਰਾ ਦਿਨ ਇਹੋ ਬੋਝ ਰਿਹਾ ਕਿ ਉਸ ਨੂੰ ਅਧਿਆਪਕ ਨੂੰ ਸੱਚਾਈ ਦੱਸ ਦੇਣੀ ਚਾਹੀਦੀ ਸੀ। ਉਸ ਨੇ ਉਸੇ ਸ਼ਾਮ ਆਪਣੇ ਅਧਿਆਪਕ ਨੂੰ ਫੋਨ ’ਤੇ ਸੱਚਾਈ ਦੱਸੀ ਤਾਂ ਉਹ ਥੋੜ੍ਹਾ ਹੱਸ ਕੇ ਬੋਲੇ,‘ਬੇਟਾ, ਮੈਨੂੰ ਪਹਿਲਾਂ ਹੀ ਸਾਰੀ ਗੱਲ ਦਾ ਪਤਾ ਸੀ। ਤੈਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਇਹੋ ਕਾਫ਼ੀ ਹੈ। ਇਹੋ ਤਾਂ ਮੈਂ ਚਾਹੁੰਦਾ ਸੀ ਕਿ ਤੈਨੂੰ ਬਿਨਾਂ ਸਮਝਾਏ ਹੀ ਖ਼ੁਦ ਇਸ ਗੱਲ ਦਾ ਅਹਿਸਾਸ ਹੋਵੇ। ਬਸ ਹੁਣ ਇਹੋ ਪ੍ਰਣ ਕਰ ਕਿ ਜ਼ਿੰਦਗੀ ਵਿਚ ਆਪਣਾ ਕੰਮ ਆਪ ਕਰਨਾ ਹੈ। ਫਿਰ ਵੇਖੀਂ ਤੈਨੂੰ ਆਪਣੀ ਮਿਹਨਤ ਦਾ ਕਿੰਨਾ ਸਕੂਨ ਮਿਲਦਾ ਹੈ। ਤੇ ਨਾਲੇ ਇਕ ਗੱਲ ਹੋਰ। ਇਹ ਜ਼ਿਆਦਾ ਕੋਲਡ ਡ੍ਰਿੰਕਸ ਤੇ ਕੁਰਕੁਰੇ ਖਾਣਾ ਵੀ ਚੰਗੀ ਗੱਲ ਨਹੀਂ। ਇਨ੍ਹਾਂ ਦਾ ਜ਼ਿਆਦਾ ਸੇਵਨ ਸਿਹਤ ਲਈ ਨੁਕਸਾਨਦੇਹ ਹੁੰਦਾ ਹੈ।’

ਹੈਰੀ ਨੇ ਮੰਮੀ-ਪਾਪਾ ਨਾਲ ਹੀ ਨਹੀਂ ਖ਼ੁਦ ਨਾਲ ਵੀ ਵਾਅਦਾ ਕਰ ਲਿਆ ਸੀ ਕਿ ਉਹ ਇਕ ਮਿਹਨਤੀ ਲੜਕਾ ਬਣੇਗਾ