ਓਟਵਾ, 5 ਅਕਤੂਬਰ : ਚੋਣਾਂ ਤੋਂ ਬਾਅਦ ਫੈਡਰਲ ਕੰਜ਼ਰਵੇਟਿਵਾਂ ਵੱਲੋਂ ਮੰਗਲਵਾਰ ਨੂੰ ਪਹਿਲੀ ਇਨ ਪਰਸਨ ਕਾਕਸ ਮੀਟਿੰਗ ਕੀਤੀ ਜਾਵੇਗੀ। ਇਸ ਮੀਟਿੰਗ ਵਿੱਚ ਹੀ ਕਾਕਸ ਇਹ ਫੈਸਲਾ ਕਰੇਗੀ ਕਿ ਐਰਿਨ ਓਟੂਲ ਨੂੰ ਪਾਰਟੀ ਆਗੂ ਵਜੋਂ ਬਣਾਈ ਰੱਖਣਾ ਹੈ ਜਾਂ ਚੱਲਦਾ ਕਰਨਾ ਹੈ।
ਪਾਰਟੀ ਦੇ ਰਿਫਰਮ ਐਕਟ ਤਹਿਤ ਇਸ ਮੀਟਿੰਗ ਦੌਰਾਨ ਕਾਕਸ ਵੱਲੋਂ ਚਾਰ ਮਾਮਲਿਆਂ ਵਿੱਚ ਵੋਟਿੰਗ ਕੀਤੀ ਜਾਵੇਗੀ, ਜਿਨ੍ਹਾਂ ਵਿੱਚੋਂ ਇੱਕ ਇਹ ਹੋਵੇਗਾ। ਕੰਜ਼ਰਵੇਟਿਵ ਐਮਪੀ ਮਾਈਕਲ ਚੌਂਗ ਦੀ ਇਹ ਪਹਿਲਕਦਮੀ 2015 ਵਿੱਚ ਲਾਗੂ ਹੋਈ।ਇਸ ਐਕਟ ਤਹਿਤ ਕਾਕਸ ਨੂੰ ਚਾਰ ਸ਼ਕਤੀਆਂ ਮਿਲਦੀਆਂ ਹਨ :
· ਪਾਰਟੀ ਆਗੂ ਸਬੰਧੀ ਮੁਲਾਂਕਣ ਤੇ ਉਸ ਨੂੰ ਹਟਾਉਣਾ
· ਅੰਤਰਿਮ ਆਗੂ ਦੀ ਚੋਣ ਕਰਨਾ
· ਕਾਕਸ ਚੇਅਰ ਦੀ ਚੋਣ ਤੇ ਮੁਲਾਂਕਣ
· ਕਾਕਸ ਮੈਂਬਰਾਂ ਨੂੰ ਬਾਹਰ ਕਰਨਾ ਤੇ ਉਨ੍ਹਾਂ ਦਾ ਮੁੜ ਦਾਖਲਾ
ਇਨ੍ਹਾਂ ਸ਼ਕਤੀਆਂ ਨੂੰ ਮਨਜ਼ੂਰੀ ਦਿੱਤੀ ਜਾਵੇਗੀ ਜਾਂ ਨਹੀਂ ਇਸ ਦਾ ਫੈਸਲਾ ਚੋਣਾ ਤੋਂ ਬਾਅਦ ਹੋਣ ਵਾਲੀ ਕਾਕਸ ਦੀ ਮੀਟਿੰਗ ਵਿੱਚ ਕੀਤਾ ਜਾਵੇਗਾ, ਪਰ ਅਤੀਤ ਵਿੱਚ ਹੋਰਨਾਂ ਨਿਯਮਾਂ ਦੀ ਪਾਲਣਾ ਵਿੱਚ ਇੱਕਸਾਰਤਾ ਨਹੀਂ ਰਹੀ।
ਜੇ ਕੰਜ਼ਰਵੇਟਿਵ ਐਮਪੀਜ਼ ਤੇ ਸੈਨੇਟਰਜ਼ ਇਸ ਮੀਟਿੰਗ ਵਿੱਚ ਲੀਡਰਸਿ਼ਪ ਦਾ ਮੁਲਾਂਕਣ ਕਰਨ ਵਾਲੀ ਸ਼ਕਤੀ ਦੀ ਵਰਤੋਂ ਕਰਨੀ ਚਾਹੁਣਗੇ ਤਾਂ ਇਸ ਪ੍ਰਕਿਰਿਆ ਲਈ 20 ਫੀ ਸਦੀ ਕਾਕਸ ਨੂੰ ਰਸਮੀ ਸਮਝੌਤੇ ਉੱਤੇ ਦਸਤਖ਼ਤ ਕਰਨੇ ਹੋਣਗੇ।ਇਸ ਤੋਂ ਬਾਅਦ ਗੁਪਤ ਵੋਟਿੰਗ ਪ੍ਰਕਿਰਿਆ ਨਾਲ ਪਾਰਟੀ ਲੀਡਰ ਨੂੰ ਹਟਾਉਣ ਲਈ ਬਹੁਗਿਣਤੀ ਕਾਕਸ ਵੋਟਿੰਗ ਕਰੇਗਾ।
ਮੰਗਲਵਾਰ ਨੂੰ ਹੋਣ ਜਾ ਰਹੀ ਮੀਟਿੰਗ ਵੀ ਇਸ ਮੁੱਦੇ ਉੱਤੇ ਕੰਜ਼ਰਵੇਟਿਵ ਪਾਰਟੀ ਦੀ ਅੰਦਰੂਨੀ ਅਸਹਿਮਤੀ ਕਾਰਨ ਰੱਖੀ ਗਈ ਹੈ ਕਿ 20 ਸਤੰਬਰ ਨੂੰ ਹੋਈਆਂ ਚੋਣਾਂ ਵਿੱਚ ਹਾਰ ਤੋਂ ਬਾਅਦ ਓਟੂਲ ਨੂੰ ਪਾਰਟੀ ਆਗੂ ਰਹਿਣ ਦਿੱਤਾ ਜਾਵੇ ਜਾਂ ਨਹੀਂ।ਕੁੱਝ ਮੈਂਬਰ ਓਟੂਲ ਤੋਂ ਇਸ ਲਈ ਵੀ ਖਫਾ ਹਨ ਕਿ ਉਨ੍ਹਾਂ ਨੇ ਚੋਣਾਂ ਤੋਂ ਬਾਅਦ ਪਾਰਟੀ ਦੀਆਂ ਸੀਟਾਂ ਵਿੱਚ ਇਜਾਫਾ ਹੋਣ ਦਾ ਵਾਅਦਾ ਕੀਤਾ ਸੀ ਪਰ ਪਾਰਟੀ ਕੋਲ ਚੋਣਾਂ ਤੋਂ ਪਹਿਲਾਂ ਜਿੰਨੀਆਂ ਹੀ ਸੀਟਾਂ ਹਨ।