ਮੁੰਬਈ:ਸਾਲ 2022 ਦੌਰਾਨ ਅਦਾਕਾਰਾ ਕ੍ਰਿਤੀ ਸੈਨਨ ਪੰਜ ਫਿਲਮਾਂ ਵਿੱਚ ਦਿਖਾਈ ਦੇਵੇਗੀ। ਇਹ ਫ਼ਿਲਮ ਵੱਖ ਵੱਖ ਸ਼ੈਲੀਆਂ ਵਿੱਚ ਹੈ, ਜਿਨ੍ਹਾਂ ਵਿੱਚ ਕ੍ਰਿਤੀ ਆਪਣੀ ਅਦਾਕਾਰੀ ਦੇ ਜਲਵੇ ਦਿਖਾਏਗੀ। ਅਦਾਕਾਰਾ ਨੇ ਕਿਹਾ ਕਿ ਪਿਛਲੇ ਸਾਲ ਰਿਲੀਜ਼ ਹੋਈ ਫਿਲਮ ‘ਮਿਮੀ’ ਨੇ ਉਸ ਨੂੰ ਵੱਖਰੀ ਕਿਸਮ ਦੀਆਂ ਭੂਮਿਕਾਵਾਂ ਨਿਭਾਉਣ ਲਈ ਪ੍ਰੇਰਿਆ ਹੈ। ਬੀਤੇ ਸਾਲ ਦੀ ਗੱਲ ਕਰਦਿਆਂ ਅਦਾਕਾਰਾ ਨੇ ਕਿਹਾ, ‘2021 ਕੰਮ ਪੱਖੋਂ ਸ਼ਾਨਦਾਰ ਰਿਹਾ ਹੈ। ਦਰਸ਼ਕਾਂ ਵੱਲੋਂ ‘ਮਿਮੀ’ ਨੂੰ ਦਿੱਤੇ ਪਿਆਰ ਨੇ ਨਾ ਸਿਰਫ਼ ਮੇਰਾ ਆਤਮ ਵਿਸ਼ਵਾਸ ਵਧਾਇਆ ਹੈ, ਸਗੋਂ ਅਦਾਕਾਰੀ ਦੇ ਖੇਤਰ ਵਿੱਚ ਹੋਰ ਡੂੰਘੇ ਅਤੇ ਵੱਖਰੀ ਕਿਸਮ ਦੇ ਕਿਰਦਾਰ ਨਿਭਾਉਣ ਲਈ ਵੀ ਪ੍ਰੇਰਿਆ ਹੈ।’ ਕ੍ਰਿਤੀ ਨੇ ਆਸ ਜਤਾਈ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਉਸ ਨੂੰ ਹੋਰ ਵੀ ਚੁਣੌਤੀਪੂਰਨ ਭੂਮਿਕਾਵਾਂ ਨਿਭਾਉਣ ਦਾ ਮੌਕਾ ਮਿਲੇਗਾ। ਆਪਣੀਆਂ ਆਉਣ ਵਾਲੀਆਂ ਫਿਲਮਾਂ ਦਾ ਜ਼ਿਕਰ ਕਰਦਿਆਂ ਕ੍ਰਿਤੀ ਨੇ ਕਿਹਾ, ‘ਮੈਨੂੰ ਸਭ ਤੋਂ ਵੱਧ ਇਹ ਗੱਲ ਉਤਸ਼ਾਹਿਤ ਕਰ ਰਹੀ ਹੈ ਕਿ ਇਹ ਸਾਰੀਆਂ ਹੀ ਫਿਲਮਾਂ ਬਿਲਕੁਲ ਵੱਖਰੇ ਅੰਦਾਜ਼ ਅਤੇ ਆਧਾਰ ਵਾਲੀਆਂ ਹਨ। ਇਸ ਲਈ ਮੈਨੂੰ 2022 ਤੋਂ ਬਹੁਤ ਉਮੀਦਾਂ ਹਨ।’ ਕ੍ਰਿਤੀ ਦੀਆਂ ਆਉਣ ਵਾਲੀਆਂ ਫਿਲਮਾਂ ਵਿੱਚ ਪ੍ਰਭਾਸ ਨਾਲ ‘ਆਦਿਪੁਰਸ਼’ ਅਕਸ਼ੈ ਕੁਮਾਰ ਨਾਲ ‘ਬੱਚਨ ਪਾਂਡੇ’, ਟਾਈਗਰ ਸ਼ਰੌਫ ਨਾਲ ‘ਗਣਪਥ’ ਵਰੁਣ ਧਵਨ ਨਾਲ ‘ਭੇੜੀਆ’ ਅਤੇ ਕਾਰਤਿਕ ਆਰਿਅਨ ਨਾਲ ਫਿਲਮ ‘ਸਹਿਜ਼ਾਦਾ’ ਸ਼ਾਮਲ ਹਨ।